
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਤੇ ਸਾਜ਼ਸ਼ ਦਾ ਇਕ ਹੀ ਜਵਾਬ ਵਿਕਾਸ.....
ਰਾਏਪੁਰ, : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਤੇ ਸਾਜ਼ਸ਼ ਦਾ ਇਕ ਹੀ ਜਵਾਬ ਵਿਕਾਸ ਹੈ। ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਇਕ ਦਿਨਾ ਦੌਰੇ ਦੌਰਾਨ ਭਿਲਾਈ ਨਗਰ ਦੇ ਜਯੰਤੀ ਸਟੇਡੀਅਮ ਵਿਚ ਆਮ ਸਭਾ ਨੂੰ ਸੰਬੋਧਨ ਕੀਤਾ। ਮੋਦੀ ਨੇ ਇਸ ਮੌਕੇ ਕੇਂਦਰ ਸਰਕਾਰ ਦੀ 'ਉਡਾਨ' ਯੋਜਨਾ ਤਹਿਤ ਜਨਤਾ ਨੂੰ ਰਾਏਪੁਰ ਤੋਂ ਜਗਦਲਪੁਰ ਤਕ ਯਾਤਰੀ ਜਹਾਜ਼ ਸੇਵਾ ਦੀ ਸੌਗਾਤ ਦਿਤੀ।
ਇਸ ਮੌਕੇ ਉਨ੍ਹਾਂ ਭਿਲਾਈ ਇਸਪਾਤ ਪਲਾਂਟ ਦੇ ਆਧੁਨਿਕੀਕਰਨ ਅਤੇ ਵਿਸਤਾਰ ਪ੍ਰਾਜੈਕਟ ਦਾ ਉਦਘਾਟਨ ਕੀਤਾ ਅਤੇ ਕੇਂਦਰ ਸਰਕਾਰ ਦੇ ਭਾਰਤ ਨੈਟ ਪ੍ਰਾਜੈਕਟ ਦਾ ਦੂਜੇ ਪੜਾਅ ਦਾ ਆਗ਼ਾਜ਼ ਕੀਤਾ। ਮੋਦੀ ਨੇ ਇਸ ਦੌਰਾਨ ਭਾਰਤੀ ਤਕਨੀਕੀ ਸੰਸਥਾਨ ਭਿਲਾਈ ਨਗਰ ਦੇ ਵਿਸ਼ਾਲ ਭਵਨ ਦਾ ਨੀਂਹ ਪੱਥਰ ਰਖਿਆ। ਪ੍ਰਧਾਨ ਮੰਤਰੀ ਨੇ ਜਯੰਤੀ ਸਟੇਡੀਅਮ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, 'ਸਾਡੀ ਸਰਕਾਰ ਦੀ ਹਰ ਯੋਜਨਾ ਦੇਸ਼ ਦੇ ਹਰ ਵਿਅਕਤੀ ਨੂੰ ਸਨਮਾਨ, ਸੁਰੱਖਿਆ ਅਤੇ ਸਵੈਮਾਣ ਨਾਲ ਜੀਊਣ ਦਾ ਹੱਕ ਦੇਣ ਲਈ ਹੈ।
ਇਹ ਵੱਡਾ ਕਾਰਨ ਹੈ ਕਿ ਛੱਤੀਸਗÎੜ੍ਹ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿਚ ਰੀਕਾਰਡ ਗਿਣਤੀ ਵਿਚ ਜਵਾਨ ਮੁੱਖਧਾਰਾ ਅਤੇ ਵਿਕਾਸ ਨਾਲ ਜੁੜੇ ਹਨ।' ਉਨ੍ਹਾਂ ਕਿਹਾ, 'ਮੈਂ ਮੰਨਦਾ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ, ਹਰ ਤਰ੍ਹਾਂ ਦੀ ਸਾਜ਼ਸ਼ ਦਾ ਇਕ ਹੀ ਜਵਾਬ ਹੈ, ਵਿਕਾਸ। ਵਿਕਾਸ ਤੋਂ ਵਿਕਸਿਤ ਹੋਇਆ ਵਿਸ਼ਵਾਸ ਹਰ ਤਰ੍ਹਾਂ ਦੀ ਹਿੰਸਾ ਨੂੰ ਖ਼ਤਮ ਕਰ ਦਿੰਦਾ ਹੈ।' ਮੋਦੀ ਨੇ ਕਿਹਾ ਕਿ ਸਰਕਾਰ ਨੇ ਵਿਕਾਸ ਰਾਹੀਂ ਵਿਸ਼ਵਾਸ ਦਾ ਵਾਤਾਵਰਣ ਬਣਾਉਣ ਦਾ ਯਤਨ ਕੀਤਾ ਹੈ।