ਕਿਹਾ, ਪਿਛਲੇ ਸਮੇਂ ਦੇ ਮੁਕਾਬਲੇ ਸਾਨੂੰ ਕੁੱਝ ਸਫਲਤਾ ਵੀ ਮਿਲੀ ਹੈ ਪਰ ਇੰਨੇ ਨਾਲ ਸੰਤੁਸ਼ਟੀ ਨਹੀਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲਾਲ ਕਿਲ੍ਹੇ ਤੋਂ ਕਿਹਾ ਕਿ ਉਨ੍ਹਾਂ ਦੀ ਅਗਵਾਈ 'ਚ ਕੇਂਦਰ ਸਰਕਾਰ ਨੇ ਮਹਿੰਗਾਈ 'ਤੇ ਕਾਬੂ ਪਾਉਣ ਲਈ 'ਵਧੀਆ ਕੋਸ਼ਿਸ਼ਾਂ' ਕੀਤੀਆਂ ਹਨ ਅਤੇ ਜਨਤਾ 'ਤੇ ਬੋਝ ਨੂੰ ਘੱਟ ਤੋਂ ਘੱਟ ਕਰਨ ਲਈ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਦੇਸ਼ ਦੇ 77ਵੇਂ ਸੁਤੰਤਰਤਾ ਦਿਵਸ ਮੌਕੇ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਮਹਿੰਗਾਈ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਹਿੰਗਾਈ ਨੇ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ।
ਇਹ ਵੀ ਪੜ੍ਹੋ: ਭਾਰਤ ਮਾਤਾ ਹਰ ਭਾਰਤੀ ਦੀ ਆਵਾਜ਼ ਹੈ: ਰਾਹੁਲ ਗਾਂਧੀ
ਪ੍ਰਧਾਨ ਮੰਤਰੀ ਨੇ ਕਿਹਾ, 'ਸੰਸਾਰ ਅਜੇ ਵੀ ਕੋਵਿਡ ਮਹਾਂਮਾਰੀ ਦੇ ਪ੍ਰਕੋਪ ਤੋਂ ਪੂਰੀ ਤਰ੍ਹਾਂ ਉਭਰਿਆ ਨਹੀਂ ਹੈ। ਜੰਗ ਨੇ ਇਕ ਹੋਰ ਸਮੱਸਿਆ ਖੜ੍ਹੀ ਕਰ ਦਿਤੀ ਹੈ। ਸੰਸਾਰ ਮਹਿੰਗਾਈ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਮਹਿੰਗਾਈ ਨੇ ਵਿਸ਼ਵ ਅਰਥਚਾਰੇ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ’। ਉਨ੍ਹਾਂ ਕਿਹਾ, “ਅਸੀਂ ਦੁਨੀਆ ਤੋਂ ਲੋੜੀਂਦਾ ਸਮਾਨ ਵੀ ਲਿਆਉਂਦੇ ਹਾਂ। ਅਸੀਂ ਵਸਤੂਆਂ ਦੀ ਦਰਾਮਦ ਕਰਦੇ ਹਾਂ ਅਤੇ ਮਹਿੰਗਾਈ ਦਰਾਮਦ ਵੀ ਕਰਦੇ ਹਾਂ। ਮਹਿੰਗਾਈ ਨੇ ਪੂਰੀ ਦੁਨੀਆਂ ਨੂੰ ਜਕੜ ਲਿਆ ਹੈ”।
ਇਹ ਵੀ ਪੜ੍ਹੋ: ਲਾਲ ਕਿਲ੍ਹੇ ਤੋਂ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, “ਅਗਲੀ ਵਾਰ ਵੀ ਲਹਿਰਾਵਾਂਗਾ ਤਿਰੰਗਾ”
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਭਾਰਤ ਨੇ ਮਹਿੰਗਾਈ ਨੂੰ ਕੰਟਰੋਲ 'ਚ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਮੇਂ ਦੇ ਮੁਕਾਬਲੇ ਸਾਨੂੰ ਕੁੱਝ ਸਫਲਤਾ ਵੀ ਮਿਲੀ ਹੈ। ਪਰ ਇੰਨੇ ਨਾਲ ਸੰਤੁਸ਼ਟ ਨਹੀਂ... ਅਸੀਂ ਇਹ ਸੋਚ ਕੇ ਨਹੀਂ ਜੀ ਸਕਦੇ ਕਿ ਸਾਡੀਆਂ ਚੀਜ਼ਾਂ ਦੁਨੀਆ ਤੋਂ ਚੰਗੀਆਂ ਹਨ। ਮੈਨੂੰ ਆਪਣੇ ਦੇਸ਼ ਵਾਸੀਆਂ 'ਤੇ ਮਹਿੰਗਾਈ ਦੇ ਬੋਝ ਨੂੰ ਘੱਟ ਕਰਨ ਲਈ ਇਸ ਦਿਸ਼ਾ ਵਿਚ ਹੋਰ ਕਦਮ ਚੁੱਕਣੇ ਪੈਣਗੇ। ਅਸੀਂ ਉਹ ਕਦਮ ਚੁੱਕਦੇ ਰਹਾਂਗੇ, ਮੇਰੀ ਕੋਸ਼ਿਸ਼ ਜਾਰੀ ਰਹੇਗੀ।"
ਇਹ ਵੀ ਪੜ੍ਹੋ: ਆਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ; ਆਜ਼ਾਦੀ ਘੁਲਾਟੀਆਂ ਨੂੰ ਕੀਤਾ ਸਿਜਦਾ
ਇਸ ਮੌਕੇ ਪ੍ਰਧਾਨ ਮੰਤਰੀ ਨੇ ਮੱਧ ਵਰਗ ਦੇ ਲੋਕਾਂ ਲਈ ਘੱਟ ਵਿਆਜ 'ਤੇ ਮਕਾਨ ਖਰੀਦਣ ਦੀ ਸਹੂਲਤ ਦੇਣ ਦਾ ਵੀ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਜੁਲਾਈ 'ਚ ਪ੍ਰਚੂਨ ਮਹਿੰਗਾਈ ਵਧ ਕੇ 7.44 ਫ਼ੀ ਸਦੀ ਹੋ ਗਈ ਹੈ। ਇਸ ਦੌਰਾਨ ਮੁੱਖ ਤੌਰ 'ਤੇ ਟਮਾਟਰ ਅਤੇ ਸਬਜ਼ੀਆਂ ਦੇ ਭਾਅ ਤੇਜ਼ੀ ਨਾਲ ਵਧੇ। ਚਾਲੂ ਵਿੱਤੀ ਸਾਲ 'ਚ ਪਹਿਲੀ ਵਾਰ ਪ੍ਰਚੂਨ ਮਹਿੰਗਾਈ ਦਰ ਭਾਰਤੀ ਰਿਜ਼ਰਵ ਬੈਂਕ ਦੀ ਸਹਿਣਸ਼ੀਲਤਾ ਦੇ ਛੇ ਫ਼ੀ ਸਦੀ ਦੇ ਪੱਧਰ ਨੂੰ ਪਾਰ ਕਰ ਗਈ ਹੈ।