
ਭਾਜਪਾ ਵੱਲੋਂ ਸਰਜੀਕਲ ਸਟ੍ਰਾਈਕ ਅਤੇ ਵਨ ਰੈਂਕ ਪੈਂਸ਼ਨ ਜਿਹੇ ਫੌਜ ਨਾਲ ਜੁੜੇ ਮੁੱਦਿਆਂ ‘ਤੇ ਲੋਕ ਸਭਾ ਚੋਣਾਂ ਵਿਚ ਸਿਆਸਤ ਕਰਨ ਦਾ ਮਾਮਲਾ ਗਰਮਾ ਗਿਆ ਹੈ।
ਨਵੀਂ ਦਿੱਲੀ: ਫੌਜ ਦੇ ਸਿਆਸੀਕਰਣ ਦੇ ਖਿਲਾਫ 150 ਤੋਂ ਜ਼ਿਆਦਾ ਸਾਬਕਾ ਫੌਜ ਅਧਿਕਾਰੀਆਂ ਦੀ ਰਾਸ਼ਟਰਪਤੀ ਨੂੰ ਚਿੱਠੀ ਤੋਂ ਬਾਅਦ ਹੁਣ ਭਾਜਪਾ ਵੱਲੋਂ ਸਰਜੀਕਲ ਸਟ੍ਰਾਈਕ ਅਤੇ ਵਨ ਰੈਂਕ ਪੈਂਸ਼ਨ ਜਿਹੇ ਫੌਜ ਨਾਲ ਜੁੜੇ ਮੁੱਦਿਆਂ ‘ਤੇ ਲੋਕ ਸਭਾ ਚੋਣਾਂ ਵਿਚ ਸਿਆਸਤ ਕਰਨ ਦਾ ਮਾਮਲਾ ਗਰਮਾ ਗਿਆ ਹੈ।
ਬੀਜੇਪੀ ਨੇ ਸਰਜੀਕਲ ਸਟ੍ਰਾਈਕ, ਅਤਿਵਾਦੀਆਂ ‘ਤੇ ਕਾਰਵਾਈ ਅਤੇ ਵਨ ਰੈਂਕ ਪੈਂਨਸ਼ਨ ਵਰਗੇ ਮਾਮਲਿਆਂ ਦਾ ਕ੍ਰੇਡਿਟ ਲੈਂਦੇ ਹੋਏ ਕਈ ਥਾਵਾਂ ‘ਤੇ ਹੋਰਡਿੰਗ ਲਗਾਏ ਹਨ। ਭਾਰਤੀ ਹਵਾਈ ਫੌਜ ਦੇ ਸਾਬਕਾ ਕਮਾਂਡਰ ਨੇ ਇਹਨਾਂ ਹੋਰਡਿੰਗਾਂ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਅਤੇ ਫੌਜ ਦੇ ਸਿਆਸੀਕਰਣ ਦੇ ਖਿਲਾਫ ਇਤਰਾਜ਼ ਜਤਾਇਆ ਹੈ।
ਚੋਣ ਕਮਿਸ਼ਨ ਨੂੰ ਲਿਖੇ ਓਪਨ ਲੈਟਰ ਵਿਚ ਕਮਾਂਡਰ ਲੋਕੇਸ਼ ਬੱਤਰਾ ਨੇ ਕਿਹਾ ਹੈ ਕਿ, ‘ਮੈਂ ਚੋਣ ਕਮਿਸ਼ਨ ਵੱਲੋਂ ਜਾਰੀ ਉਹਨਾਂ ਸਾਰੇ ਨਿਰਦੇਸ਼ਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ, ਜਿਨ੍ਹਾਂ ਵਿਚ ਸਾਫ-ਸਾਫ ਕਿਹਾ ਗਿਆ ਹੈ ਕਿ ਕੋਈ ਵੀ ਪਾਰਟੀ ਚੁਣਾਵੀ ਫਾਇਦੇ ਲਈ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਫੌਜ ਦੇ ਕਾਰਜਾਂ ਦੀ ਵਰਤੋਂ ਨਹੀਂ ਕਰ ਸਕਦੀ ਹੈ, ਪਰ ਮੁੰਬਈ ਦੇ ਕੁਝ ਇਲਾਕਿਆਂ ਵਿਚ ਅਜਿਹੇ ਹੋਰਡਿੰਗ ਲਗਾਏ ਗਏ ਹਨ, ਜੋ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਉਲੰਘਣ ਹੈ’।
ਇਕ ਇੰਟਰਵਿਊ ਦੌਰਾਨ ਕਮਾਂਡਰ ਲੋਕੇਸ਼ ਬੱਤਰਾ ਨੇ ਕਿਹਾ ਕਿ ਮੁੰਬਈ ਦੇ ਪੈਡਰ ਰੋਡ ਸਮੇਤ ਕਈ ਇਲਾਕਿਆਂ ਵਿਚ ਸੈਨਾ ਦੀ ਕਾਰਵਾਈ ਦਾ ਕ੍ਰੇਡਿਟ ਲੈਂਦੇ ਹੋਏ ਹੋਰਡਿੰਗ ਲਗਾਏ ਗਏ ਹਨ। ਉਹਨਾਂ ਕਿਹਾ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ। ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿਚ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਚੋਣ ਕਮਿਸ਼ਨ ਨੇ ਹਵਾਈ ਫੌਜ ਦੇ ਸਾਬਕਾ ਮੁਖੀ ਦੀ ਸ਼ਿਕਾਇਤ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਬੀਤੇ ਦਿਨੀਂ 150 ਤੋਂ ਜ਼ਿਆਦਾ ਸਾਬਕਾ ਫੌਜ ਅਧਿਕਾਰੀਆਂ ਵੱਲੋਂ ਮੋਦੀ ਸਰਕਾਰ ਦੇ ਫੌਜ ਦੇ ਸਿਆਸੀਕਰਣ ਨੂੰ ਲੈ ਕੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਗਈ ਸੀ।