
ਫਾਰੂਕ ਅਬਦੁੱਲਾ ਨੇ ਕਿਹਾ ਕਿ ਦੇਸ਼ ਵਿਚ ਮੁਸਲਮਾਨਾਂ ਖਿਲਾਫ਼ ਨਫਰਤ ਦਾ ਮਾਹੌਲ ਹੈ, ਇਹੀ ਕਸ਼ਮੀਰ ਵਿਚ ਮੁਸਲਿਮ ਨੌਜਵਾਨਾਂ ਵਿਚ ਗੁੱਸੇ ਦਾ ਕਾਰਨ ਹੈ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਸ਼ਮੀਰੀ ਪੰਡਿਤਾਂ 'ਤੇ ਹੋ ਰਹੇ ਹਮਲਿਆਂ ਨੂੰ ਫਿਲਮ ਕਸ਼ਮੀਰ ਫਾਈਲਜ਼ ਨਾਲ ਜੋੜਿਆ ਹੈ। ਫਾਰੂਕ ਅਬਦੁੱਲਾ ਨੇ ਕਿਹਾ ਕਿ ਜੇਕਰ ਕਸ਼ਮੀਰੀ ਪੰਡਿਤਾਂ 'ਤੇ ਹੋ ਰਹੇ ਹਮਲਿਆਂ ਨੂੰ ਰੋਕਣਾ ਹੈ ਤਾਂ ਸਰਕਾਰ ਨੂੰ ਫਿਲਮ ਕਸ਼ਮੀਰ ਫਾਈਲਜ਼ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਫਾਰੂਕ ਅਬਦੁੱਲਾ ਨੇ ਕਿਹਾ ਕਿ ਦੇਸ਼ ਵਿਚ ਮੁਸਲਮਾਨਾਂ ਖਿਲਾਫ਼ ਨਫਰਤ ਦਾ ਮਾਹੌਲ ਹੈ, ਇਹੀ ਕਸ਼ਮੀਰ ਵਿਚ ਮੁਸਲਿਮ ਨੌਜਵਾਨਾਂ ਵਿਚ ਗੁੱਸੇ ਦਾ ਕਾਰਨ ਹੈ।
ਫਿਲਮ ਕਸ਼ਮੀਰ ਫਾਈਲਜ਼ ਦਾ ਜ਼ਿਕਰ ਕਰਦੇ ਹੋਏ ਫਾਰੂਕ ਅਬਦੁੱਲਾ ਨੇ ਕਿਹਾ ਮੈਂ ਸਰਕਾਰ ਨੂੰ ਪੁੱਛਿਆ ਸੀ ਕਿ ਕੀ ਫਿਲਮ ਕਸ਼ਮੀਰ ਫਾਈਲਸ ਸੱਚ ਹੈ? ਕੀ ਕੋਈ ਮੁਸਲਮਾਨ ਪਹਿਲਾਂ ਹਿੰਦੂ ਨੂੰ ਮਾਰ ਦੇਵੇਗਾ, ਫਿਰ ਉਸ ਦਾ ਖੂਨ ਚੌਲਾਂ ਵਿਚ ਪਾ ਕੇ ਉਸ ਦੀ ਪਤਨੀ ਨੂੰ ਕਹੇਗਾ ਕਿ ਤੁਸੀਂ ਇਹ ਖਾਓ। ਕੀ ਇਹ ਹੋ ਸਕਦਾ ਹੈ? ਕੀ ਅਸੀਂ ਇੰਨੇ ਗਿਰੇ ਹੋਏ ਹਾਂ? ਫਾਰੂਕ ਅਬਦੁੱਲਾ ਨੇ ਅੱਗੇ ਕਿਹਾ ਕਿ ਕਸ਼ਮੀਰ ਫਾਈਲਜ਼ ਇਕ ਬੇਬੁਨਿਆਦ ਫਿਲਮ ਹੈ ਜਿਸ ਨੇ ਦੇਸ਼ ਵਿਚ ਸਿਰਫ ਨਫ਼ਰਤ ਪੈਦਾ ਕੀਤੀ ਹੈ।
ਜੰਮੂ-ਕਸ਼ਮੀਰ ਦੇ ਬਡਗਾਮ 'ਚ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੇ ਕਤਲ 'ਤੇ ਗੱਲ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਉੱਥੇ ਜਾਣਾ ਚਾਹੁੰਦਾ ਸੀ ਪਰ ਮੈਨੂੰ ਰੋਕ ਦਿੱਤਾ ਗਿਆ। ਉਹਨਾਂ ਕਿਹਾ, “ਮੈਂ ਉੱਥੇ ਕੋਈ ਰਾਜਨੀਤੀ ਕਰਨ ਨਹੀਂ ਜਾਣਾ ਚਾਹੁੰਦਾ ਸੀ, ਮੈਂ ਸਿਰਫ਼ ਆਪਣੀ ਹਮਦਰਦੀ ਪ੍ਰਗਟ ਕਰਨਾ ਚਾਹੁੰਦਾ ਸੀ।”
ਫਾਰੂਕ ਅਬਦੁੱਲਾ ਨੇ ਕਿਹਾ ਕਿ ਅਸੀਂ ਇਕ ਦੂਜੇ ਦੇ ਕਰੀਬ ਕਿਵੇਂ ਆ ਸਕਾਂਗੇ। ਜੇਕਰ ਅਸੀਂ ਇਕ ਦੂਜੇ ਦੇ ਨੇੜੇ ਆਉਣਾ ਚਾਹੁੰਦੇ ਹਾਂ ਤਾਂ ਇਸ ਨਫ਼ਰਤ ਨੂੰ ਖਤਮ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਦੇਸ਼ ਭਰ 'ਚ ਮੁਸਲਮਾਨਾਂ 'ਤੇ ਹੋ ਰਹੇ ਅੱਤਿਆਚਾਰ ਦਾ ਅਸਰ ਸਾਡੇ ਬੱਚਿਆਂ 'ਤੇ ਵੀ ਪੈ ਰਿਹਾ ਹੈ। ਅਜਿਹੇ 'ਚ ਨਫਰਤ ਵਾਲੀਆਂ ਫਿਲਮਾਂ ਅਤੇ ਮੀਡੀਆ 'ਤੇ ਰੋਕ ਲੱਗਣੀ ਚਾਹੀਦੀ ਹੈ।