
2-3 ਦਿਨਾਂ ਅੰਦਰ ਮਾਨਸੂਨ ਦੇ ਅੱਗੇ ਵਧਣ ਦੀ ਉਮੀਦ : ਮੌਸਮ ਵਿਭਾਗ
ਨਵੀਂ ਦਿੱਲੀ : ਮਾਨਸੂਨ ਦੇ ਉੱਤਰ ਵਲ ਅੱਗੇ ਵਧਣ ਦੀ ਉਮੀਦ ਹੈ ਕਿਉਂਕਿ ਚੱਕਰਵਾਤ ਵਾਯੂ ਦੀ ਤੀਬਰਤਾ ਘੱਟ ਹੋਣ ਕਾਰਨ ਅਰਬ ਸਾਗਰ ਵਲ ਜਾਣ ਲਈ ਮਾਨਸੂਨੀ ਹਵਾਵਾਂ ਦਾ ਰਾਹ ਸਾਫ਼ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਨੂੰ ਹੁਣ ਤਕ ਮੱਧ ਪ੍ਰਦੇਸ਼, ਰਾਜਸਥਾਨ, ਪੂਰਬੀ ਯੂਪੀ ਅਤੇ ਗੁਜਰਾਤ ਦੇ ਕੁੱਝ ਹਿੱਸਿਆਂ ਸਮੇਤ ਮੱਧ ਭਾਰਤ ਤਕ ਪੁੱਜ ਜਾਣਾ ਚਾਹੀਦਾ ਸੀ ਪਰ ਇਹ ਮਹਾਰਾਸ਼ਟਰ ਵੀ ਨਹੀਂ ਪਹੁੰਚ ਸਕੀ। ਮੌਸਮ ਵਿਭਾਗ ਮੁਤਾਬਕ ਮਾਨਸੂਨ ਹਾਲੇ ਵੀ ਦਖਣੀ ਪ੍ਰਾਇਦੀਪ ਉਪਰ ਮੈਂਗਲੋਰ, ਮੈਸੂਰ ਤੇ ਉੱਤਰ ਪੂਰਬ ਵਿਚ ਪਾਸੀਘਾਟ, ਅਗਰਤਲਾ ਉਪਰ ਹੈ।
Rain
ਪਛਮੀ ਤੱਟ ਵਿਚ ਮਹਾਰਾਸ਼ਟਰ ਤੋਂ ਲੈ ਕੇ ਗੁਜਰਾਤ ਤਕ ਚੱਕਰਵਾਤ ਕਾਰਨ ਮੀਂਹ ਪਿਆ ਹੈ। ਸਿਰਫ਼ ਤੱਟੀ ਕਰਨਾਟਕ ਅਤੇ ਕੇਰਲਾ ਵਿਚ ਮਾਨਸੂਨ ਕਾਰਨ ਮੀਂਹ ਪਿਆ ਹੈ। ਵਾਯੂ ਦੇ ਸੋਮਵਾਰ ਦੀ ਸ਼ਾਮ ਨੂੰ ਗੁਜਰਾਤ ਤੱਟ ਨੂੰ ਪਾਰ ਕਰਨ ਦੀ ਉਮੀਦ ਹੈ। ਮਾਨਸੂਨ ਨੇ ਅਪਦੇ ਆਮ ਸਮੇਂ ਤੋਂ ਲਗਭਗ ਇਕ ਹਫ਼ਤੇ ਮਗਰੋਂ 8 ਜੂਨ ਨੂੰ ਕੇਰਲਾ ਵਿਚ ਦਸਤਕ ਦਿਤੀ ਸੀ। ਮੌਸਮ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਦੇਵੇਂਦਰ ਪ੍ਰਧਾਨ ਨੇ ਕਿਹਾ, 'ਚੱਕਰਵਾਤ ਵਾਯੂ ਕਾਰਨ ਮਾਨਸੂਨ ਦੀ ਗਤੀ ਰੁਕ ਗਈ।
Rain
ਹਵਾ ਦੀ ਤੀਬਰਤਾ ਘੱਟ ਹੋ ਗਈ ਅਤੇ ਅਸੀਂ ਅਗਲੇ ਦੋ ਤਿੰਨ ਦਿਨਾਂ ਵਿਚ ਮਾਨਸੂਨ ਦੇ ਅੱਗੇ ਵਧਣ ਦੀ ਉਮੀਦ ਕਰਦੇ ਹਾਂ।' ਦੇਸ਼ ਵਿਚ ਮਾਨਸੂਨ ਦੀ ਸੁਸਤ ਰਫ਼ਤਾਰ ਕਾਰਨ ਇਸ ਦੀ ਕੁਲ ਕਮੀ 43 ਫ਼ੀ ਸਦੀ ਤਕ ਪਹੁੰਚ ਗਈ ਹੈ। ਮੱਧ ਪ੍ਰਦੇਸ਼, ਉੜੀਸਾ, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਗੋਆ ਵਿਚ 59 ਫ਼ੀ ਸਦੀ ਮੀਂਹ ਦੀ ਕਮੀ ਦਰਜ ਕੀਤੀ ਗਈ ਹੈ ਜਦਕਿ ਪੂਰਬ ਅਤੇ ਉੱਤਰ ਪੂਰਬ ਭਾਰਤ ਵਿਚ 47 ਫ਼ੀ ਸਦੀ ਦੀ ਕਮੀ ਦਰਜ ਕੀਤੀ ਗਈ ਹੈ। ਕੇਂਦਰੀ ਜਲ ਕਮਿਸ਼ਨੀ ਮੁਤਾਬਕ ਦਖਣੀ ਭਾਰਤੀ ਰਾਜਾਂ ਅਤੇ ਮਹਾਰਾਸ਼ਟਰ ਦੇ ਤਾਲਾਬਾਂ ਵਿਚ ਪਾਣੀ ਦਾ ਪੱਧਰ ਪਿਛਲੇ ਦਸ ਸਾਲਾਂ ਦੀ ਔਸਤ ਤੋਂ ਘੱਟ ਹੈ।