
ਸਾਰੇ ਪ੍ਰੋਗਰਾਮ ਰੱਦ ਕਰ ਕੇ ਘਰ ਨੂੰ ਰਵਾਨਾ ਹੋਏ ਆਰ.ਕੇ. ਰੰਜਨ ਸਿੰਘ
ਨਵੀਂ ਦਿੱਲੀ: ਕੇਂਦਰ ਵਿਦੇਸ਼ ਰਾਜ ਮੰਤਰੀ ਆਰ.ਕੇ. ਰੰਜਨ ਸਿੰਘ ਦੇ ਇੰਫ਼ਾਲ ਸਥਿਤ ਘਰ ’ਚ ਭੀੜ ਨੇ ਤੋੜਭੰਨ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਸੁਰਿਖਆ ਬਲਾਂ ਅਤੇ ਅੱਗ ਬੁਝਾਊ ਟੀਮ ਦੇ ਮੁਲਾਜ਼ਮਾਂ ਨੇ ਭੀੜ ਦੀ ਅੱਗ ਲਾਉਣ ਦੀ ਕੋਸ਼ਿਸ਼ ਨਾਕਾਮ ਕਰ ਦਿਤੀ ਅਤੇ ਮੰਤਰੀ ਦੇ ਘਰ ਨੂੰ ਸੜਨ ਤੋਂ ਬਚਾ ਲਿਆ।
ਇਸ ਤੋਂ ਪਹਿਲਾਂ, ਇੰਫ਼ਾਲ ਦੇ ਵਿਚਕਾਰ ਦੁਪਹਿਰ ਸਮੇਂ ਮਣੀਪੁਰ ਰੈਪਿਡ ਐਕਸ਼ਨ ਫ਼ੋਰਸ ਅਤੇ ਭੀੜ ਵਿਚਕਾਰ ਝੜਪਾਂ ਹੋਈਆਂ ਅਤੇ ਭੀੜ ਨੇ ਦੋ ਘਰਾਂ ’ਚ ਅੱਗ ਲਾ ਦਿਤੀ। ਸ਼ਹਿਰ ’ਚ ਆਮ ਲੋਕਾਂ ਦੀ ਭੀੜ ਅਤੇ ਸੁਰਖਿਆ ਬਲਾਂ ਵਿਚਕਾਰ ਵੀਰਵਾਰ ਦੇਰ ਰਾਤ ਝੜਪਾਂ ਹੋਈਆਂ।
ਇਹ ਵੀ ਪੜ੍ਹੋ: ਟਿਊਬਵੈੱਲਾਂ ਨੇ ਧਰਤੀ ਟੇਢੀ ਕੀਤੀ, ਜਲਵਾਯੂ ’ਤੇ ਪੈ ਸਕਦੈ ਅਸਰ
ਹਮਲਾ ਹੋਣ ਸਮੇਂ ਮੰਤਰੀ ਪਾਰਟੀ ਦੇ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਕੋਚੀ ’ਚ ਸਨ। ਉਨ੍ਹਾਂ ਹਮਲੇ ਤੋਂ ਬਾਅਦ ਇਥੇ ਨਿਰਧਾਰਤ ਅਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿਤੇ ਅਤੇ ਮਣੀਪੁਰ ਚਲੇ ਗਏ। ਉਨ੍ਹਾਂ ਕਿਹਾ ਕਿ ਮਣੀਪੁਰ ’ਚ ਸੰਘਰਸ਼ ਫ਼ਿਰਕੂ ਨਹੀਂ, ਬਲਕਿ ਦੋ ਭਾਈਚਾਰਿਆਂ ਵਿਚਕਾਰ ਗ਼ਲਤਫ਼ਹਿਮੀ ਦਾ ਨਤੀਜਾ ਹੈ। ਉਨ੍ਹਾਂ ਕਿਹਾ, ‘‘ਮੇਰਾ ਹੀ ਘਰ ਫੂਕ ਦਿਤਾ। ਇਹ ਮੇਰੀ ਮਿਹਨਤ ਦੀ ਕਮਾਈ ਸੀ। ਮੈਂ ਭ੍ਰਿਸ਼ਟ ਨਹੀਂ ਹਾਂ। ਇਸ ਸਰਕਾਰ ’ਚ ਕੋਈ ਭ੍ਰਿਸ਼ਟ ਨਹੀਂ ਹੈ। ਜੇ ਇਹ ਧਾਰਮਕ ਮਾਮਲਾ ਹੁੰਦਾ ਤਾਂ ਮੈਂ ਹਿੰਦੂ ਹਾਂ, ਅਤੇ ਹਮਲਾਵਰ ਵੀ ਹਿੰਦੂ ਹੀ ਸਨ। ਇਸ ਲਈ ਇਹ ਧਾਰਮਕ ਮਾਮਲਾ ਨਹੀਂ ਹੈ। ਇਹ ਭੀੜ ਹੈ।’’
ਜ਼ਿਕਰਯੋਗ ਹੈ ਕਿ ਮਣੀਪੁਰ ’ਚ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੇਈਤੀ ਫ਼ਿਰਕੇ ਦੀ ਮੰਗ ਵਿਰੁਧ ਤਿੰਨ ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ‘ਆਦਿਵਾਸੀ ਇਕਜੁਟਤਾ ਮਾਰਚ’ ਕਰਨ ਤੋਂ ਬਾਅਦ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਸਨ। ਝੜਪਾਂ ’ਚ ਘੱਟ ਤੋਂ ਘੱਟ 103 ਲੋਕ ਮਾਰੇ ਜਾ ਚੁੱਕੇ ਹਨ ਅਤੇ 310 ਹੋਰ ਜ਼ਖ਼ਮੀ ਹੋਏ ਹਨ। 37450 ਲੋਕ ਅਜੇ 272 ਕੈਂਪਾਂ ’ਚ ਰਹਿ ਰਹੇ ਹਨ। ਮਣੀਪੁਰ ’ਚ ਮੇਈਤੀ ਬਹੁਗਿਣਤੀ ਫ਼ਿਰਕਾ ਹੈ ਅਤੇ ਇਸ ਦੀ ਆਬਾਦੀ 53 ਫ਼ੀ ਸਦੀ ਹੈ। ਇਹ ਮੁੱਖ ਰੂਪ ’ਚ ਇੰਫ਼ਾਲ ਵਾਦੀ ’ਚ ਰਹਿੰਦੇ ਹਨ। ਜਦਕਿ ਨਗਾ ਅਤੇ ਕੁਕੀ ਵਰਗੇ ਆਦਿਵਾਸੀ ਫ਼ਿਰਕਿਆਂ ਦੀ ਆਬਾਦੀ 40 ਫ਼ੀ ਸਦੀ ਹੈ ਅਤੇ ਇਹ ਮੁੱਖ ਤੌਰ ’ਤੇ ਪਹਾੜੀ ਜ਼ਿਲ੍ਹਿਆਂ ’ਚ ਵਸਦੇ ਹਨ।