
7,866 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ
ਦਖਣੀ ਕੋਰੀਆ : ਦਖਣੀ ਕੋਰੀਆ 'ਚ ਇਕ ਹਫ਼ਤੇ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਇਕ ਨਿਊਜ਼ ਏਜੰਸੀ ਮੁਤਾਬਕ ਜ਼ਮੀਨ ਖਿਸਕਣ ਅਤੇ ਪਾਣੀ ਭਰਨ ਕਾਰਨ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। 7,866 ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਐਤਵਾਰ ਨੂੰ ਚੇਓਂਗਜੂ ਇਲਾਕੇ 'ਚ ਇਕ ਸੁਰੰਗ 'ਚ ਪਾਣੀ ਭਰ ਜਾਣ 'ਤੇ ਬੱਸ ਸਮੇਤ 15 ਵਾਹਨ ਫਸ ਗਏ। ਬੱਸ 'ਚੋਂ ਹੁਣ ਤੱਕ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਕ ਹੋਰ ਵਾਹਨ ਚਾਲਕ ਦੀ ਲਾਸ਼ ਅਲੱਗ ਤੋਂ ਮਿਲੀ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਲੋਕ ਸਮੇਂ ਸਿਰ ਬਚ ਨਹੀਂ ਸਕੇ ਅਤੇ ਡੁੱਬਣ ਕਾਰਨ ਮੌਤ ਹੋ ਗਈ। 10 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਇਸ ਕਾਰਨ ਆਸ-ਪਾਸ ਦੇ ਪਿੰਡਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਦੱਖਣੀ ਕੋਰੀਆ ਦੇ ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ 25,470 ਘਰਾਂ ਵਿਚ ਇੱਕ ਹਫ਼ਤੇ ਤੋਂ ਬਿਜਲੀ ਨਹੀਂ ਹੈ। ਖ਼ਰਾਬ ਮੌਸਮ ਕਾਰਨ 20 ਉਡਾਣਾਂ ਰੱਦ ਕਰ ਦਿਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪਟੜੀਆਂ 'ਤੇ ਪਾਣੀ ਭਰ ਜਾਣ ਕਾਰਨ ਟਰੇਨ ਦੀ ਰਫ਼ਤਾਰ ਵੀ ਘੱਟ ਹੋ ਗਈ ਹੈ। 200 ਸੜਕਾਂ ਵੀ ਬੰਦ ਕਰ ਦਿਤੀਆਂ ਗਈਆਂ ਹਨ।