
ਵਾਜਪਾਈ ਦੀ ਗੱਲ ਸੁਣ ਮੋਦੀ ਸਮੇਤ ਪੱਤਰਕਾਰ ਵੀ ਹੋ ਗਏ ਸੀ ਸੁੰਨ
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਪਣੇ ਬੇਬਾਕ ਬੋਲਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਸ਼ਬਦ ਕਈ ਵਾਰ ਵਿਰੋਧੀਆਂ ਦੇ ਨਾਲ-ਨਾਲ ਦੋਸਤਾਂ ਨੂੰ ਵੀ ਸਿੱਖਿਆ ਦੇ ਜਾਂਦੇ ਸਨ। ਅੱਜ ਵੀ ਜਦੋਂ 2002 ਦੇ ਗੁਜਰਾਤ ਦੰਗਿਆਂ ਦੀ ਚਰਚਾ ਹੁੰਦੀ ਹੈ ਤਾਂ ਅਟਲ ਬਿਹਾਰੀ ਵਾਜਪਾਈ ਦੀ ਉਹ ਨਸੀਹਤ ਸਾਹਮਣੇ ਆ ਜਾਂਦੀ ਹੈ ਜੋ ਉਨ੍ਹਾਂ ਨੇ ਗੁਜਰਾਤ ਦੌਰੇ ਮੌਕੇ ਨਰਿੰਦਰ ਮੋਦੀ ਨੂੰ ਦਿੱਤੀ ਸੀ।
Atal Bihari Vajpayee
ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਗੁਜਰਾਤ ਵਿਚ ਹੋਈ ਹਿੰਸਾ ਤੋਂ ਬਾਅਦ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਗੁਜਰਾਤ ਦਾ ਦੌਰਾ ਕੀਤਾ ਸੀ। ਗੁਜਰਾਤ ਵਿਚ ਭਾਜਪਾ ਦੀ ਸਰਕਾਰ ਸੀ ਅਤੇ ਨਰਿੰਦਰ ਮੋਦੀ ਉਥੋਂ ਦੇ ਮੁੱਖ ਮੰਤਰੀ ਸਨ। ਇਸ ਦੌਰਾਨ ਜਦੋਂ ਵਾਜਪਾਈ ਨੇ ਪ੍ਰੈੱਸ ਕਾਨਫਰੰਸ ਕੀਤੀ ਤਾਂ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਤੁਹਾਡਾ ਮੁੱਖ ਮੰਤਰੀ ਲਈ ਕੀ ਸੰਦੇਸ਼ ਹੈ?
PM Modi
ਇਸ 'ਤੇ ਵਾਜਪਾਈ ਨੇ ਕਿਹਾ ਕਿ ਮੁੱਖ ਮੰਤਰੀ ਲਈ ਮੇਰਾ ਸਿਰਫ਼ ਇਕ ਸੰਦੇਸ਼ ਹੈ ਕਿ ਉਹ ਰਾਜ ਧਰਮ ਦਾ ਪਾਲਣ ਕਰਨ, ਇਕ ਰਾਜਾ ਨੂੰ ਪ੍ਰਜਾ ਵਿਚ ਭੇਦਭਾਵ ਨਹੀਂ ਕਰਨਾ ਚਾਹੀਦਾ। ਇਹ ਉਹ ਸਮਾਂ ਸੀ ਜਦੋਂ ਨਰਿੰਦਰ ਮੋਦੀ 'ਤੇ ਗੁਜਰਾਤ ਦੰਗਿਆਂ ਵਿਚ ਮੁਸਲਮਾਨਾਂ ਦੇ ਖ਼ਿਲਾਫ਼ ਦੰਗਾਕਾਰੀਆਂ ਦਾ ਸਾਥ ਦੇਣ ਦੇ ਗੰਭੀਰ ਇਲਜ਼ਾਮ ਲੱਗ ਰਹੇ ਸਨ।
Atal Bihari Vajpayee
ਅੱਜ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਦੀ ਬਰਸੀ ਮੌਕੇ ਉਨ੍ਹਾਂ ਦੀ ਇਹ ਨਸੀਹਤ ਸਾਰਿਆਂ ਨੂੰ ਯਾਦ ਆਉਂਦੀ ਹੈ ਜੋ ਉਨ੍ਹਾਂ ਨੇ ਮੋਦੀ ਨੂੰ ਦਿੱਤੀ ਸੀ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਕਾਸ਼! ਅੱਜ ਵੀ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਬਣ ਚੁੱਕੇ ਮੋਦੀ ਨੂੰ ਕੋਈ ਨਸੀਹਤ ਦੇਣ ਵਾਲਾ ਭਾਜਪਾ ਵਿਚ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ।