ਡੇਰੇ ਦੇ ਦੂਜੇ ਮੁਖੀ ਦੇ ਜਨਮ ਦਿਨ ਮੌਕੇ 25 ਜਨਵਰੀ ਨੂੰ ਹੋਣ ਵਾਲੇ 'ਸਤਿਸੰਗ' ਲਈ ਸਿਰਸਾ ਆਉਣ ਦੀ ਇਜਾਜ਼ਤ ਮੰਗੀ
ਸਿਰਸਾ: ਦੇਸ਼ ਵਿਚ ਜਿਥੇ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਅਤੇ ਸਮਾਜਕ ਕਾਰਕੁਨਾਂ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਜਨ ਸੰਗਠਨ ਸੜਕਾਂ ’ਤੇ ਹਨ ਉਥੇ ਹੀ ਸਾਧਵੀ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਕੇਸ ਵਿਚ ਵੀ ਦੋਸ਼ੀ ਠਹਿਰਾਏ ਜਾਣ ’ਤੇ ਰੋਹਤਕ ਦੀ ਸੁਨਾਰੀਆ ਜੇਲ ਵਿਚ ਉਮਰ ਕੈਦ ਕੱਟ ਰਹੇ ਡੇਰਾ ਮੁਖੀ ਦੇ ਇਕ ਵਾਰ ਫਿਰ ਜੇਲ ਤੋਂ ਬਾਹਰ ਆਉਣ ਦੀਆਂ ਕਨਸੋਆਂ ਜ਼ੋਰਾਂ ’ਤੇ ਹਨ।
ਡੇਰਾ ਮੁਖੀ ਨੇ 25 ਜਨਵਰੀ ਨੂੰ ਸ਼ਾਹ ਸਤਨਾਮ ਦੇ ਜਨਮ ਦਿਨ ਲਈ ਹਰਿਆਣਾ ਸਰਕਾਰ ਕੋਲ ਪੈਰੋਲ ਲਈ ਅਰਜ਼ੀ ਦਿਤੀ ਹੈ। ਦਸਣਯੋਗ ਹੈ ਕਿ ਥੋੜਾ ਸਮਾਂ ਪਹਿਲਾਂ ਹੀ ਰੋਹਤਕ ਦੀ ਸੁਨਾਰੀਆ ਜੇਲ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਗੁਰਮੀਤ ਸਿੰਘ ਇਕ ਮਹੀਨੇ ਦੀ ਫਰਲੋ ਪੂਰੀ ਕਰ ਕੇ ਵਾਪਸ ਜੇਲ ਗਿਆ ਸੀ।
ਹੁਣ 25 ਜਨਵਰੀ ਡੇਰੇ ਦੇ ਦੂਜੇ ਮੁਖੀ ਸ਼ਾਹ ਸਤਨਾਮ ਦਾ ਜਨਮ ਦਿਨ ਹੈ। ਹਰ ਸਾਲ ਇਸ ਦਿਨ ਸਿਰਸਾ ਡੇਰੇ ਵਲੋਂ ਵੱਡਾ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿਚ ਸਤਿਸੰਗ ਅਤੇ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰ ਵੀ ਇਕ ਵੱਡੇ ਸਮਾਗਮ ਦੀਆਂ ਤਿਆਰੀਆਂ ਚਲ ਰਹੀਆਂ ਹਨ, ਜਿਸ ਵਿਚ ਡੇਰਾ ਮੁਖੀ ਹਿੱਸਾ ਲੈਣਾ ਚਾਹੁੰਦਾ ਹੈ।
ਇਸ ਲਈ ਉਸ ਨੇ ਜੇਲ ਪ੍ਰਸ਼ਾਸਨ ਨੂੰ ਅਰਜ਼ੀ ਭੇਜ ਕੇ 25 ਜਨਵਰੀ ਨੂੰ ਹੋਣ ਵਾਲੇ ਸਤਿਸੰਗ ਅਤੇ ਭੰਡਾਰੇ ਲਈ ਸਿਰਸਾ ਆਉਣ ਦੀ ਇਜਾਜ਼ਤ ਮੰਗੀ ਹੈ। ਸੂਤਰ ਦਸਦੇ ਹਨ ਕਿ ਪੈਰੋਲ ਲਈ ਅਰਜ਼ੀ ਦੇਣ ਤੋਂ ਬਾਅਦ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਸੁਰੱਖਿਆ ਦੇ ਨਜ਼ਰੀਏ ਤੋਂ ਵਿਚਾਰ ਕਰ ਰਿਹਾ ਹੈ।