
ਲੋਕਾਂ ਦਾ ਪੈਸਾ ਲੁੱਟਣ ਵਾਲਿਆਂ ਨੂੰ ਜੇਲ ਭੇਜਣ ਦੀ ਕਵਾਇਦ ਸ਼ੁਰੂ ਕਰ ਦਿਤੀ ਗਈ ਹੈ
ਬੀੜ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਦੇ ਪ੍ਰਾਵਧਾਨਾਂ ਨੂੰ ਖ਼ਤਮ ਕਰਨ ਦਾ ਵਿਰੋਧ ਕਰਨ ਵਾਲਿਆਂ ਦੇ ਬਿਆਨ ਇਤਿਹਾਸ ਵਿਚ ਦਰਜ ਹੋਣਗੇ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਲੋਕਾਂ ਕੋਲ ਅਜਿਹੇ ਲੋਕਾਂ ਨੂੰ ਹੁਣ ਸਜ਼ਾ ਦੇਣ ਦਾ ਸਮਾਂ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਾਜਪਾ ਦੀ ਅਗਵਾਈ ਵਾਲਾ ਗਠਜੋੜ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੇ ਸਾਰੇ ਰੀਕਾਰਡ ਤੋੜ ਦੇਵੇਗਾ।
Article 370
ਮੋਦੀ ਨੇ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਦੇ ਪਰਲੀ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ ਹਫ਼ਤੇ ਹੋਣ ਵਾਲੀਆਂ ਚੋਣਾਂ ਭਾਜਪਾ ਦੀ ਕਾਰਜਸ਼ਕਤੀ ਅਤੇ ਵਿਰੋਧੀ ਧਿਰ ਦੀ ਸਵਾਰਥ-ਸ਼ਕਤੀ ਵਿਚਾਲੇ ਲੜਾਈ ਹਨ। ਉਨ੍ਹਾਂ ਕਿਹਾ, 'ਮੈਨੂੰ ਤੁਹਾਡੀ ਦੇਸ਼ਭਗਤੀ 'ਤੇ ਭਰੋਸਾ ਹੈ ਕਿ ਤੁਸੀਂ ਦੇਸ਼ ਦੇ ਹਿਤਾਂ ਵਿਰੁਧ ਬੋਲਣ ਵਾਲਿਆਂ ਨੂੰ ਚੰਗਾ ਸਬਕ ਸਿਖਾਉਗੇ। ਇਤਿਹਾਸ ਹਰ ਉਸ ਵਿਅਕਤੀ ਨੂੰ ਯਾਦ ਰੱਖੇਗਾ ਜਿਸ ਨੇ ਧਾਰਾ 370 ਨੂੰ ਖ਼ਤਮ ਕਰਨ ਦੀ ਆਲੋਚਨਾ ਕੀਤੀ ਹੈ।' ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਆਗੂਆਂ ਨੇ ਦੇਸ਼ਵਿਰੋਧੀ ਅਨਸਰਾਂ ਨੂੰ ਆਕਸੀਜਨ ਮੁਹਈਆ ਕਰਵਾਈ। ਉਨ੍ਹਾਂ ਕਿਹਾ ਕਿ ਕੁੱਝ ਕਾਂਗਰਸ ਆਗੂਆਂ ਨੇ ਕਿਹਾ ਕਿ ਜੇ ਕਸ਼ਮੀਰ ਵਿਚ ਹਿੰਦੂ ਆਬਾਦੀ ਹੁੰਦੀ ਤਾਂ ਇਹ ਫ਼ੈਸਲਾ ਨਾ ਕੀਤਾ ਗਿਆ ਹੁੰਦਾ।
Narendra Modi
ਮੋਦੀ ਨੇ ਕਿਹਾ, 'ਜਦ ਰਾਸ਼ਟਰੀ ਅਖੰਡਤਾ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਹਿੰਦੂ ਅਤੇ ਮੁਸਲਮਾਨਾਂ ਬਾਰੇ ਸੋਚਦੇ ਹੋ। ਕੀ ਇਹ ਤੁਹਾਡੇ ਲਈ ਸਹੀ ਹੈ? ਪ੍ਰਧਾਨ ਮੰਤਰੀ ਨੇ ਕਿਹਾ, 'ਕਾਂਗਰਸ ਦੇ ਕੁੱਝ ਆਗੂਆਂ ਦੁਆਰਾ ਧਾਰਾ 370 ਨੂੰ ਖ਼ਤਮ ਕਰਨ ਦਾ ਵਿਰੋਧ ਕਰਨਾ ਕਿਸੇ ਦੀ ਹਤਿਆ ਜਿਹਾ ਹੈ। ਭਾਰਤ ਪਾਕਿਸਤਾਨ ਮੁੱਦਾ ਅੰਦਰੂਨੀ ਮਾਮਲਾ ਨਹੀਂ। ਧਾਰਾ 370 ਨੂੰ ਹਟਾਏ ਜਾਣ ਨਾਲ ਦੇਸ਼ ਵਿਚ ਤਬਾਹੀ ਹੋਵੇਗੀ, ਜਿਹੇ ਬਿਆਨਾਂ ਦੀ ਸੂਚੀ ਏਨੀ ਲੰਮੀ ਹੈ ਕਿ ਮੈਨੂੰ ਦੱਸਣ ਲਈ 21 ਅਕਤੂਬਰ ਤਕ ਇਥੇ ਰਹਿਣਾ ਪਵੇਗਾ।'
Rahul Gandhi
ਉਨ੍ਹਾਂ ਕਿਹਾ ਕਿ ਦੇਸ਼ ਕਾਂਗਰਸ ਨੂੰ ਸਜ਼ਾ ਦੇਣ ਦਾ ਮੌਕਾ ਵੇਖ ਰਿਹਾ ਹੈ। ਮੋਦੀ ਨੇ ਕਿਹਾ ਕਿ ਮਹਾਰਾਸਟਰ ਦੇ ਦਰਵਾਜ਼ੇ 'ਤੇ ਮੌਕੇ ਦਸਤਕ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪੈਸਾ ਲੁੱਟਣ ਵਾਲਿਆਂ ਨੂੰ ਜੇਲ ਭੇਜਣ ਦੀ ਕਵਾਇਦ ਸ਼ੁਰੂ ਕਰ ਦਿਤੀ ਗਈ ਹੈ। ਬਾਅਦ ਵਿਚ ਪੁਣੇ ਵਿਚ ਰੈਲੀ ਦੌਰਾਨ ਮੋਦੀ ਨੇ ਕਿਹਾ ਕਿ ਧਾਰਾ 370 ਨੂੰ ਖ਼ਤਮ ਕਰਨ ਦੀਆਂ ਗੱਲਾਂ ਬਹੁਤ ਹੋਈਆਂ ਪਰ ਕਿਸੇ ਨੇ ਪਹਿਲਾਂ ਹਿੰਮਤ ਨਹੀਂ ਵਿਖਾਈ।