
ਤਿੱਖੇ ਵਿਰੋਧ ਅਤੇ ਹਿੰਸਾ ਕਾਰਨ 10 ਤੋਂ 50 ਸਾਲ ਦੀ ਕੋਈ ਵੀ ਔਰਤ ਭਗਵਾਨ ਅਯੱਪਾ ਦੇ ਦਰਸ਼ਨ ਨਹੀਂ ਕਰ ਸਕੀ ।
ਤਿਰੂਵੰਨਤਮਪੁਰਮ, ( ਭਾਸ਼ਾ ) : ਕੇਰਲ ਵਿਚ ਹਿੰਦੂ ਆਈਕਾ ਵੇਦੀ ਦੀ ਮੁਖੀ ਕੇ.ਪੀ. ਸ਼ਸ਼ੀਕਲਾ ਦੀ ਅੱਜ ਤੜਕੇ ਹੋਈ ਗ੍ਰਿਫਤਾਰੀ ਤੋਂ ਬਾਅਦ ਸਬਰੀਮਾਲਾ ਕਰਮਚਾਰੀ ਕਮੇਟੀ ਨੇ ਰਾਜ ਵਿਚ ਬੰਦ ਦਾ ਸੱਦਾ ਦਿਤਾ ਹੈ। ਇਹ ਕਮੇਟੀ ਉਨ੍ਹਾਂ ਦਾ ਮੁਖ ਸੰਗਠਨ ਹੈ ਜੋ ਸੁਪਰੀਮ ਕਰੋਟ ਵੱਲੋਂ ਹਰ ਉਮਰ ਦੀਆਂ ਔਰਤਾਂ ਨੂੰ ਮੰਦਰ ਅੰਦਰ ਦਾਖਲ ਹੋਣ ਦੀ ਆਗਿਆ ਦਿਤੇ ਜਾਣ ਦਾ ਵਿਰੋਧ ਕਰ ਰਿਹਾ ਹੈ। ਲਗਭਗ 50 ਤੋਂ ਵੱਧ ਉਮਰ ਦੀ ਸ਼ਸ਼ੀਕਲਾ ਦਰਸ਼ਨਾਂ ਲਈ ਆਈ ਸੀ ਪਰ ਉਸ ਨੂੰ ਰੋਕ ਦਿਤਾ ਗਿਆ।
Shutdown in Kerala
ਹੁਕਮ ਨੂੰ ਤੋੜਨ ਦੇ ਦੋਸ਼ ਵਿਚ ਉਨ੍ਹਾਂ ਨੂੰ ਲਗਭਗ 2 ਵਜੇ ਗ੍ਰਿਫਤਾਰ ਕੀਤਾ ਗਿਆ। ਸਵੇਰੇ 6 ਵਜੇ ਤੋਂ 12 ਘੰਟੇ ਤੱਕ ਲਈ ਬੁਲਾਏ ਗਏ ਬੰਦ ਤੋਂ ਬਾਅਦ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਸ਼ਰਧਾਲੂਆਂ ਦੀ ਆਮਦ ਤੇ ਅਸਰ ਪਾਵੇਗਾ। ਸ਼ਸ਼ੀਕਲਾ ਦੀ ਗ੍ਰਿਫਤਾਰੀ ਤੋਂ ਬਾਅਦ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਧਾਰਾ-144 ਦੀ ਉਲੰਘਣਾ ਨੂੰ ਲੈ ਕੇ ਉਨ੍ਹਾਂ ਨੂੰ ਪ੍ਰਭਾਗੀ ਹਿਰਾਸਤ ਵਿਚ ਲਿਆ ਗਿਆ ਹੈ। ਬੀਤੀ ਰਾਤ ਮਹਿਲਾ ਵਰਕਰ ਤ੍ਰਿਪਤੀ ਦੇਸਾਈ ਦਾ ਰਾਹ ਰੋਕਣ ਦੇ ਦੋਸ਼ ਵਿਚ 500 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ।
sasikala
ਸਬਰੀਮਾਲਾ ਦਰਸ਼ਨ ਦੇ ਲਈ ਪੁਣੇ ਤੋਂ ਕੋਚੀ ਏਅਰਪੋਰਟ ਆਈ ਤ੍ਰਿਪਤੀ ਨੂੰ ਲਗਭਗ 14 ਘੰਟੇ ਤੱਕ ਚਲੇ ਨਾਟਕ ਤੋਂ ਬਾਅਦ ਵਾਪਸ ਮੁੜਨਾ ਪਿਆ। ਸਬਰੀਮਾਲਾ ਮੰਦਰ ਦੋ ਮਹੀਨੇ ਤੱਕ ਚਲਣ ਵਾਲੀ ਤੀਰਥਯਾਤਰਾ ਲਈ ਸ਼ੁਕਰਵਾਰ ਸ਼ਾਮ ਨੂੰ ਸਖਤ ਸੁਰੱਖਿਆ ਵਿਚਕਾਰ ਖੋਲ੍ਹਿਆ ਗਿਆ। ਹਾਲਾਂਕਿ ਭਾਰੀ ਵਿਰੋਧ ਕਾਰਨ ਮਹਿਲਾ ਵਰਕਰ ਤ੍ਰਿਪਤੀ ਦੇਸਾਈ ਅਪਣੇ ਐਲਾਨ ਮੁਤਾਬਕ ਮੰਦਰ ਅੰਦਰ ਨਹੀਂ ਜਾ ਸਕੀ।
Activist Trupti Desai
ਹਰ ਉਮਰ ਦੀਆਂ ਔਰਤਾਂ ਨੂੰ ਮੰਦਰ ਅੰਦਰ ਦਾਖਲ ਹੋਣ ਦੀ ਆਗਿਆ ਨਾਲ ਜੁੜੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਤੋਂ ਹੀ ਇਥੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਅਦਾਲਤੀ ਹੁਕਮ ਤੋਂ ਬਾਅਦ ਮੰਦਰ ਤੀਜੀ ਵਾਰ ਖੁਲ੍ਹਿਆ ਹੈ। ਕੇਰਲ ਪੁਲਿਸ ਨੇ ਦਰਸ਼ਨ ਦੀਆਂ ਇਛੁੱਕ ਔਰਤਾਂ ਨੂੰ ਸੁਰੱਖਿਆ ਦੇਣ ਦਾ ਭਰੋਸਾ ਜਤਾਇਆ ਹੈ ਪਰ ਤਿੱਖੇ ਵਿਰੋਧ ਅਤੇ ਹਿੰਸਾ ਕਾਰਨ 10 ਤੋਂ 50 ਸਾਲ ਦੀ ਕੋਈ ਵੀ ਔਰਤ ਭਗਵਾਨ ਅਯੱਪਾ ਦੇ ਦਰਸ਼ਨ ਨਹੀਂ ਕਰ ਸਕੀ ।