
ਇਸ ਤੋਂ ਪਹਿਲਾਂ ਬੰਬੇ ਹਾਈ ਕੋਰਟ ਅਤੇ ਸੈਸ਼ਨ ਕੋਰਟ ਨੇ ਮੁਖਰਜੀ ਦੀਆਂ 7 ਵੱਖ-ਵੱਖ ਜ਼ਮਾਨਤ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਸੀ।
ਮੁੰਬਈ: ਅਪਣੀ ਹੀ ਧੀ ਸ਼ੀਨਾ ਬੋਰਾ ਦੀ ਹੱਤਿਆ ਮਾਮਲੇ 'ਚ ਪਿਛਲੇ 6 ਸਾਲਾਂ ਤੋਂ ਮੁੰਬਈ ਦੀ ਬਾਈਕੂਲਾ ਮਹਿਲਾ ਜੇਲ 'ਚ ਬੰਦ ਇੰਦਰਾਣੀ ਮੁਖਰਜੀ ਨੂੰ ਆਖਿਰਕਾਰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਬੰਬੇ ਹਾਈ ਕੋਰਟ ਅਤੇ ਸੈਸ਼ਨ ਕੋਰਟ ਨੇ ਮੁਖਰਜੀ ਦੀਆਂ 7 ਵੱਖ-ਵੱਖ ਜ਼ਮਾਨਤ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਸੀ। ਜੇਲ੍ਹ ਵਿਚ ਰਹਿਣ ਦੌਰਾਨ ਉਸ ਦਾ ਆਪਣੇ ਪਤੀ ਪੀਟਰ ਮੁਖਰਜੀ ਨਾਲ ਵੀ ਤਲਾਕ ਹੋ ਗਿਆ ਸੀ। ਦੇਸ਼ ਦੀ ਸਰਵਉੱਚ ਅਦਾਲਤ ਨੇ ਮੈਡੀਕਲ ਆਧਾਰ 'ਤੇ ਇੰਦਰਾਣੀ ਨੂੰ ਇਹ ਜ਼ਮਾਨਤ ਦਿੱਤੀ ਹੈ।
Indrani Mukerjea granted bail in Sheena Bora case
ਇੰਦਰਾਣੀ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਉਸ ਦਾ ਮੁਕੱਦਮਾ 6 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਫਿਲਹਾਲ ਇਸ ਨਾਲ ਜਲਦੀ ਨਿਪਟਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਨੂੰ ਅਦਾਲਤ ਨੇ ਜ਼ਮਾਨਤ ਦਾ ਵੱਡਾ ਆਧਾਰ ਵੀ ਮੰਨਿਆ ਹੈ। ਜਸਟਿਸ ਐਲ ਨਾਗੇਸ਼ਵਰ ਰਾਓ, ਬੀਆਰ ਗਵਈ ਅਤੇ ਏਐਸ ਬੋਪੰਨਾ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ। ਮੁਖਰਜੀ ਨੂੰ ਮੁੰਬਈ ਪੁਲਿਸ ਨੇ 25 ਅਗਸਤ 2015 ਨੂੰ ਬੇਟੀ ਸ਼ੀਨਾ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ।
Peter Mukerjea and Indrani Mukerjea
ਅਦਾਲਤ ਨੇ ਕਿਹਾ, 'ਇੰਦਰਾਣੀ ਮੁਖਰਜੀ ਸਾਢੇ 6 ਸਾਲ ਤੋਂ ਹਿਰਾਸਤ 'ਚ ਹੈ। ਅਸੀਂ ਕੇਸ ਦੇ ਗੁਣਾਂ 'ਤੇ ਟਿੱਪਣੀ ਨਹੀਂ ਕਰ ਰਹੇ ਹਾਂ। ਇਸਤਗਾਸਾ ਪੱਖ ਵੱਲੋਂ ਭਾਵੇਂ 50 ਫੀਸਦੀ ਗਵਾਹਾਂ ਨੂੰ ਛੱਡ ਦਿੱਤਾ ਗਿਆ ਹੈ ਪਰ ਮੁਕੱਦਮਾ ਜਲਦੀ ਖਤਮ ਨਹੀਂ ਹੋਵੇਗਾ। ਇਸ ਲਈ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪੀਟਰ ਮੁਖਰਜੀ 'ਤੇ ਲਾਗੂ ਸ਼ਰਤਾਂ ਇੰਦਰਾਣੀ 'ਤੇ ਵੀ ਲਾਗੂ ਹੋਣਗੀਆਂ। ਇਸ ਮਾਮਲੇ 'ਚ ਇੰਦਰਾਣੀ ਦਾ ਸਾਬਕਾ ਪਤੀ ਪੀਟਰ ਮੁਖਰਜੀ ਵੀ ਦੋਸ਼ੀ ਹੈ।
ਕਰੀਬ ਪੰਜ ਮਹੀਨੇ ਪਹਿਲਾਂ ਮੁੰਬਈ ਵਿਚ 2012 ਵਿਚ ਹੋਏ ਸ਼ੀਨਾ ਬੋਰਾ ਕਤਲ ਕੇਸ ਵਿਚ ਇੰਦਰਾਣੀ ਮੁਖਰਜੀ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਧੀ ਜ਼ਿੰਦਾ ਹੈ। ਇੰਦਰਾਣੀ ਦਾ ਦਾਅਵਾ ਹੈ ਕਿ ਜੇਲ੍ਹ ਵਿਚ ਇਕ ਸਾਥੀ ਮਹਿਲਾ ਕੈਦੀ ਨੇ ਕਸ਼ਮੀਰ ਵਿਚ ਸ਼ੀਨਾ ਨਾਲ ਮੁਲਾਕਾਤ ਕੀਤੀ ਹੈ। ਇੰਦਰਾਣੀ ਨੇ ਇਸ ਸਬੰਧੀ ਸੀਬੀਆਈ ਡਾਇਰੈਕਟਰ ਨੂੰ ਪੱਤਰ ਲਿਖਿਆ ਸੀ। ਉਸ ਨੇ ਅਪੀਲ ਕੀਤੀ ਹੈ ਕਿ ਸ਼ੀਨਾ ਬੋਰਾ ਦੀ ਕਸ਼ਮੀਰ ਵਿਚ ਤਲਾਸ਼ ਕੀਤੀ ਜਾਵੇ। ਸੀਬੀਆਈ ਹੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇੰਦਰਾਣੀ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਧੀ ਦੀ ਕਾਰ 'ਚ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਲਾਸ਼ ਨੂੰ ਜ਼ਮੀਨ 'ਚ ਦੱਬ ਦਿੱਤਾ ਸੀ।