
ਮੁਜ਼ੱਫ਼ਰਪੁਰ ਸ਼ੈਲਟਰ ਹੋਮ ਕੇਸ ਵਿਚ ਨਾਮ ਆਉਣ ਮਗਰੋਂ ਅਸਤੀਫ਼ਾ ਦੇਣ ਵਾਲੇ ਬਿਹਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ ਦੇ ਘਰ ਸੀਬੀਆਈ ਨੇ ਛਾਪਾ ਮਾਰਿਆ.............
ਪਟਨਾ : ਮੁਜ਼ੱਫ਼ਰਪੁਰ ਸ਼ੈਲਟਰ ਹੋਮ ਕੇਸ ਵਿਚ ਨਾਮ ਆਉਣ ਮਗਰੋਂ ਅਸਤੀਫ਼ਾ ਦੇਣ ਵਾਲੇ ਬਿਹਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ ਦੇ ਘਰ ਸੀਬੀਆਈ ਨੇ ਛਾਪਾ ਮਾਰਿਆ। ਸੀਬੀਆਈ ਨੇ ਬਿਹਾਰ ਦੇ ਚਾਰ ਜ਼ਿਲ੍ਹਿਆਂ ਵਿਚ ਕਰੀਬ ਦਰਜਨ ਸੰਪਤੀਆਂ 'ਤੇ ਛਾਪੇ ਮਾਰੇ। ਮੁਜ਼ੱਫ਼ਰਪੁਰ ਵਿਚ ਕੋਈ ਸੱਤ ਥਾਵਾਂ 'ਤੇ ਛਾਪੇ ਮਾਰੇ ਗਏ। ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ਦੇ ਹੋਟਲ ਅਤੇ ਉਸ ਦੇ ਕੁੱਝ ਦੋਸਤਾਂ ਦੇ ਘਰਾਂ ਵਿਚ ਵੀ ਛਾਪੇ ਮਾਰੇ ਗਏ। ਏਜੰਸੀ ਦੀ ਟੀਮ ਠਾਕੁਰ ਦੀ ਗ਼ੈਰ-ਸਰਕਾਰੀ ਸੰਸਥਾ ਨਾਲ ਜੁੜੀ ਹੋਈ ਮਧੂ ਕੁਮਾਰੀ ਦੇ ਘਰ ਵੀ ਗਈ। ਮਧੂ ਕੁਮਾਰੀ ਫ਼ਰਾਰ ਹੈ। ਇਸ ਤੋਂ ਇਲਾਵਾ ਠਾਕੁਰ ਦੇ ਜੱਦੀ ਘਰ ਵਿਚ ਵੀ ਛਾਪਾ ਮਾਰਿਆ ਗਿਆ।
ਸਵੇਰ ਸਮੇਂ ਤਿੰਨ ਗੱਡੀਆਂ ਮੰਜੂ ਵਰਮਾ ਦੇ ਪਟਨਾ ਵਾਲੇ ਸਰਕਾਰੀ ਘਰ ਅੱਗੇ ਪੁੱਜੀਆਂ ਅਤੇ ਸੀਬੀਆਈ ਟੀਮ ਨੇ ਘਰ ਅੰਦਰ ਵੜ ਕੇ ਤਲਾਸ਼ੀ ਸ਼ੁਰੂ ਕਰ ਦਿਤੀ। ਮੰਜੂ ਵਰਮਾ ਘਰ ਵਿਚ ਹੀ ਮੌਜੂਦ ਸੀ। ਟੀਮ ਨੇ ਮੰਜੂ ਵਰਮਾ ਅਤੇ ਉਸ ਦੇ ਪਤੀ ਚੰਦਰੇਸ਼ਵਰ ਵਰਮਾ ਨੂੰ ਵਖਰੇ ਕਮਰੇ ਵਿਚ ਬਿਠਾ ਕੇ ਪੁੱਛ-ਪੜਤਾਲ ਕੀਤੀ। ਮੰਜੂ ਵਰਮਾ ਦੇ ਪੇਕੇ ਘਰ ਵਿਚ ਵੀ ਛਾਪਾ ਮਾਰਿਆ ਗਿਆ ਹੈ। ਬਰਜੇਸ਼ ਠਾਕੁਰ ਦੇ ਰਿਸ਼ੇਤਦਾਰਾਂ ਦੇ ਘਰ ਵੀ ਟੀਮ ਪਹੁੰਚੀ। ਬਰਜੇਸ਼ ਦੀ ਭੈਣ ਅਰਚਨਾ ਅਨੁਪਮ ਅਤੇ ਉਸ ਦੇ ਪਤੀ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਅਨੁਪਮ ਵਿਰੁਧ ਇਲਜ਼ਾਮ ਹੈ ਕਿ ਉਸ ਨੇ ਜੇਜੇ ਬੋਰਡ ਦੀ ਮੈਂਬਰ ਹੋਣ ਸਮੇਂ ਬਰਜੇਸ਼ ਠਾਕੁਰ ਨੂੰ ਫ਼ਾਇਦਾ ਪਹੁੰਚਾਇਆ। ਬਰਜੇਸ਼ ਠਾਕੁਰ ਦੇ ਸੱਭ ਤੋਂ ਕਰੀਬੀ ਰਹੇ ਸੁਮਨ ਸ਼ਾਹੀ ਦੇ ਘਰ ਵਿਚ ਵੀ ਸੀਬੀਆਈ ਦੀ ਟੀਮ ਪਹੁੰਚੀ ਅਤੇ ਤਲਾਸ਼ੀ ਲਈ। ਸੀਬੀਆਈ ਸੁਮਨ ਸ਼ਾਹੀ ਅਤੇ ਬਰਜੇਸ਼ ਠਾਕੁਰ ਦੇ ਰਿਸ਼ਤੇ ਦੀ ਘੋਖ ਕਰ ਰਹੀ ਹੈ। ਮੰਜੂ ਵਰਮਾ ਦੇ ਪਤੀ ਦਾ ਨਾਮ ਇਸ ਕਾਂਡ ਵਿਚ ਆਉਣ ਮਗਰੋਂ ਮੰਜੂ ਵਰਮਾ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਸ਼ੈਲਟਰ ਹੋਮ ਵਿਚ ਕਈ ਕੁੜੀਆਂ ਦਾ ਜਿਸਮਾਨੀ ਸ਼ੋਸ਼ਣ ਹੋਇਆ ਹੈ। (ਏਜੰਸੀ)