
ਸਨਅਤੀ ਇਕਾਈਆਂ ਦਾ ਪ੍ਰਦੂਸ਼ਿਤ ਪਾਣੀ ਕੁਦਰਤੀ ਜਲ ਸਰੋਤਾਂ ਵਿੱਚ ਪੈਣ ਤੋਂ ਰੋਕਣ ਦੇ ਮਕਸਦ ਨਾਲ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ.............
ਡੇਰਾਬਸੀ : ਸਨਅਤੀ ਇਕਾਈਆਂ ਦਾ ਪ੍ਰਦੂਸ਼ਿਤ ਪਾਣੀ ਕੁਦਰਤੀ ਜਲ ਸਰੋਤਾਂ ਵਿੱਚ ਪੈਣ ਤੋਂ ਰੋਕਣ ਦੇ ਮਕਸਦ ਨਾਲ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਡੇਰਾਬੱਸੀ ਦੀਆਂ ਦੋ ਵੱਡੀਆਂ ਫੈਕਟਰੀਆਂ ਫੈਡਰਲ ਐਗਰੋ ਪ੍ਰਾਈਵੇਟ ਇੰਡਸਟਰੀਜ਼ ਲਿਮਟਿਡ ਅਤੇ ਨੈਕਟਰ ਲਾਈਫ ਸਾਇੰਸਜ਼ ਲਿਮਟਿਡ ਵਿੱਚ ਛਾਪਾ ਮਾਰਿਆ। ਛਾਪੇ ਦੌਰਾਨ ਦੋਵੇਂ ਸਨਅਤੀ ਇਕਾਈਆਂ ਦੇ ਪਾਣੀ ਸੋਧਣ ਵਾਲੇ ਪਲਾਂਟਾਂ ਵਿੱਚ ਕੁੱਝ ਊਣਤਾਈਆਂ ਪਾਈਆਂ ਗਈਆਂ। ਸ੍ਰੀ ਸੋਨੀ ਨੇ ਦੋਵਾਂ ਫੈਕਟਰੀਆਂ ਦੇ ਪ੍ਰਬੰਧਕਾਂ ਨੂੰ 10 ਦਿਨਾਂ ਦਾ ਸਮਾਂ ਦੇ ਕੇ ਪ੍ਰਦੂਸ਼ਣ ਰੋਕਣ ਸਬੰਧੀ ਲੋੜੀਂਦੇ ਮਾਪਦੰਡ ਪੂਰੇ ਕਰਨ ਲਈ ਆਖਿਆ।
ਮੰਤਰੀ ਸ੍ਰੀ ਸੋਨੀ ਨੇ ਵਾਤਾਵਰਣ ਵਿਭਾਗ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੁਦਰਤੀ ਜਲ ਸਰੋਤਾਂ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਸਨਅਤੀ ਇਕਾਈਆਂ ਉਤੇ ਕਰੜੀ ਨਿਗ੍ਹਾ ਰੱਖਣ। ਅਧਿਕਾਰੀਆਂ ਨੂੰ ਕਿਹਾ ਕਿ ਸਨਅਤੀ ਇਕਾਈਆਂ ਆਪਣੇ ਟਰੀਟਮੈਂਟ ਪਲਾਂਟ ਬਾਕਾਇਦਾ ਚੱਲਣੇ ਯਕੀਨੀ ਬਣਾਉਣ ਅਤੇ ਜਿਨ੍ਹਾਂ ਇਕਾਈਆਂ ਵਿੱਚ ਪਲਾਂਟ ਬੰਦ ਪਏ ਹਨ, ਉਹ ਚਲਾਏ ਜਾਣ ਤਾਂ ਕਿ ਦਰਿਆਵਾਂ ਵਿੱਚ ਸੁੱਟਣ ਤੋਂ ਪਹਿਲਾਂ ਪਾਣੀ ਨੂੰ ਟਰੀਟ ਕਰਨਾ ਯਕੀਨੀ ਬਣਾਇਆ ਜਾਵੇ।
ਚੰਡੀਗੜ੍ਹ ਤੇ ਹਰਿਆਣਾ ਦੀਆਂ ਸਨਅਤਾਂ ਵੱਲੋਂ ਘੱਗਰ ਦਰਿਆ ਵਿੱਚ ਪਾਣੀ ਸੁੱਟਣ ਬਾਰੇ ਸਵਾਲ ਉਤੇ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਬਾਰੇ ਹਰਿਆਣਾ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਲੋੜੀਂਦੀ ਕਾਰਵਾਈ ਹਿੱਤ ਲਿਖ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਅਤੇ ਵਾਤਾਵਰਣ ਵਿਭਾਗ ਦੇ ਪਟਿਆਲਾ ਦੇ ਮੁੱਖ ਇੰਜਨੀਅਰ ਗੁਲਸ਼ਨ ਰਾਏ ਵੀ ਸਨ।