
323 ਸੜਕਾਂ 'ਤੇ ਗੱਡੀਆਂ ਦੀ ਆਵਾਜਾਈ ਬੰਦ
ਸ਼ਿਮਲਾ : ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਮੀਂਹ ਕਾਰਨ ਵੱਖ-ਵੱਖ ਹਾਦਸਿਆਂ 'ਚ ਹਿਮਾਚਲ ਪ੍ਰਦੇਸ਼ 'ਚ 8 ਲੋਕਾਂ ਦੀ ਮੌਤ ਹੋ ਗਈ। ਕਈ ਜ਼ਿਲ੍ਹਿਆਂ 'ਚ ਹੜ੍ਹ ਕਾਰਨ ਪਿੰਡਾਂ ਦਾ ਸੰਪਰਕ ਟੁੱਟ ਗਿਆ। ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਢਿੱਗਾਂ ਡਿੱਗਣ ਅਤੇ ਹੜ੍ਹ ਕਾਰਨ 343 ਰਸਤੇ ਅਤੇ ਕੌਮੀ ਸੜਕਾਂ 'ਤੇ ਆਵਾਜਾਈ ਬੰਦ ਹੋ ਚੁੱਕੀ ਹੈ। ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਪੰਜਾਬ, ਉੱਤਰਾਖੰਡ ਅਤੇ ਰਾਜਸਥਾਨ ਦੇ ਕਈ ਹਿੱਸਿਆਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ, ਜਿਸ ਕਾਰਨ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ।
Landslides, flash floods block NH-5, 323 roads in Himachal Pradesh
ਜਾਣਕਾਰੀ ਮੁਤਾਬਕ ਸ਼ਿਮਲਾ ਦੇ ਆਰਟੀਓ ਦਫ਼ਤਰ ਨੇੜੇ ਜ਼ਮੀਨ ਖਿਸਕਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਘਟਨਾ 'ਚ ਇਕ ਹੋਰ ਵਿਅਕਤੀ ਦੇ ਮਲਬੇ 'ਚ ਦੱਬੇ ਹੋਣ ਦੀ ਖ਼ਬਰ ਹੈ। ਉਥੇ ਹੀ ਮੀਂਹ ਕਾਰਨ ਇਕ ਉਸਾਰੀ ਅਧੀਨ ਮਕਾਨ ਦੀ ਕੰਧ ਡਿੱਗ ਗਈ, ਜਿਸ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ। ਮਜ਼ਦੂਰ ਦੀ ਪਛਾਣ ਸ਼ਾਹ ਆਲਮ ਵਜੋਂ ਹੋਈ ਹੈ, ਜੋ ਬਿਹਾਰ ਦੇ ਕਿਸ਼ਨਗੰਜ ਦਾ ਰਹਿਣ ਵਾਲਾ ਸੀ। ਕੁੱਲੂ ਜ਼ਿਲ੍ਹੇ ਦੇ ਰੋਹਰੂ 'ਚ ਢਿੱਗਾਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋਈ ਹੈ। ਮੀਂਹ ਕਾਰਨ ਡਿੱਗੇ ਇਕ ਦਰੱਖਤ ਦੀ ਲਪੇਟ 'ਚ ਆਉਣ ਕਾਰਨ ਦੋ ਨੇਪਾਲੀ ਨਾਗਰਿਕ ਮਾਰੇ ਗਏ। ਚੰਬਾ 'ਚ ਹੜ੍ਹ ਦੇ ਪਾਣੀ 'ਚ ਰੁੜ੍ਹ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।
Landslides, flash floods block NH-5, 323 roads in Himachal Pradesh
ਐਤਵਾਰ ਨੂੰ ਕਿੰਨੌਰ ਜ਼ਿਲ੍ਹੇ ਦੇ ਰਿੱਬਾ ਇਲਾਕੇ 'ਚ ਮੀਂਹ ਕਾਰਨ ਢਿੱਗਾਂ ਡਿਗਣ ਮਗਰੋਂ ਕੌਮੀ ਸੜਕ ਨੰਬਰ-5 'ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਢਿੱਗਾਂ ਡਿੱਗਣ ਕਰ ਕੇ 323 ਸੜਕਾਂ 'ਤੇ ਗੱਡੀਆਂ ਦੀ ਆਵਾਜਾਈ ਪ੍ਰਭਾਵਤ ਹੈ। ਸੜਕਾਂ 'ਤੇ ਲੰਮੇ ਜਾਮ ਲੱਗੇ ਹੋਏ ਹਨ। ਕਾਂਗੜਾ ਜ਼ਿਲ੍ਹੇ 'ਚ ਹੁਣ ਤਕ ਸੱਭ ਤੋਂ ਵੱਧ ਮੀਂਹ ਰਿਕਾਰਡ ਕੀਤਾ ਗਿਆ ਹੈ। ਅਧਿਕਾਰੀਆਂ ਵੱਲੋਂ 118 ਐਮਐਮ ਮੀਂਹ ਪੈਣ ਦੀ ਗੱਲ ਆਖੀ ਗਈ ਹੈ। ਚੰਬਾ ਜ਼ਿਲ੍ਹੇ 'ਚ ਬੱਸ ਅੱਡੇ ਨੇੜੇ ਇਕ ਸੜਕ ਪਾਣੀ 'ਚ ਵਹਿ ਗਈ, ਜਿਸ ਕਾਰਨ ਇਥੇ ਵਾਹਨਾਂ ਦੀ ਆਵਾਜਾਈ ਲਗਭਗ ਬੰਦ ਹੋ ਗਈ ਹੈ।