
ਦਿੱਗਜ ਕਾਂਗਰਸੀ ਨੇਤਾ ਅਤੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਦੱਤ ਤਿਵਾਰੀ ਦਾ ਵੀਰਵਾਰ ਨੂੰ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ...
ਨਵੀਂ ਦਿੱਲੀ (ਭਾਸ਼ਾ) : ਦਿੱਗਜ ਕਾਂਗਰਸੀ ਨੇਤਾ ਅਤੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਦੱਤ ਤਿਵਾਰੀ ਦਾ ਵੀਰਵਾਰ ਨੂੰ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਹ 93 ਸਾਲ ਦੇ ਸਨ। ਤੁਹਾਨੂੰ ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ ਦੇ ਗਵਰਨਰ ਰਹਿ ਚੁੱਕੇ ਐਨਡੀ ਤਿਵਾਰੀ ਅੱਜ ਹੀ ਦੇ ਦਿਨ ਮਤਲਬ 18 ਅਕਤੂਬਰ 1925 ਨੂੰ ਕੁਮਾਊਨੀ ਪਰਿਵਾਰ ਵਿਚ ਪੈਦਾ ਹੋਏ ਸਨ। ਦਿੱਲੀ ਦੇ ਸਾਕੇਤ ਵਿਚ ਸਥਿਤ ਮੈਕਸ ਹਸਪਤਾਲ ਵਿਚ ਉਨ੍ਹਾਂ ਨੇ ਅਪਣੇ ਆਖਰੀ ਸਾਹ ਲਏ।
ਤਿਵਾਰੀ ਦੇ ਪਰਿਵਾਰ ਵਿਚ ਪਤਨੀ ਉੱਜਵਲਾ ਅਤੇ ਬੇਟਾ ਰੋਹਿਤ ਸ਼ੇਖਰ ਹੈ। ਤਿਵਾਰੀ ਨੂੰ ਵਿਕਾਸ ਪੁਰਖ ਕਿਹਾ ਜਾਂਦਾ ਸੀ। ਪਿਛਲੇ ਸਾਲ ਬਰੇਨ-ਸਟਰੋਕ ਤੋਂ ਬਾਅਦ 20 ਸਤੰਬਰ ਨੂੰ ਉਨ੍ਹਾਂ ਨੂੰ ਦਿੱਲੀ ਦੇ ਸਾਕੇਤ ਸਥਿਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਮੈਕਸ ਸੁਪਰ ਸਪੈਸ਼ਿਐਲਿਟੀ ਹਸਪਤਾਲ ਵਿਚ ਭਰਤੀ ਐਨਡੀ ਤੀਵਾਰੀ ਨੇ ਦੁਪਹਿਰ 2.50 ਵਜੇ ਆਖਰੀ ਸਾਹ ਲਏ। 12 ਅਕਤੂਬਰ ਨੂੰ ਉਨ੍ਹਾਂ ਨੂੰ ਹਸਪਤਾਲ ਦੇ ICU ਵਿਚ ਸ਼ਿਫਟ ਕੀਤਾ ਗਿਆ ਸੀ।
ਬਾਅਦ ਵਿਚ ਸਿਹਤ ਵਿਚ ਸੁਧਾਰ ਦਿਸਣ ‘ਤੇ ਉਨ੍ਹਾਂ ਨੂੰ ਇਕ ਪ੍ਰਾਈਵੇਟ ਰੂਮ ਵਿਚ ਸ਼ਿਫਟ ਕੀਤਾ ਗਿਆ ਸੀ। ਉਹ ਬੁਖਾਰ ਅਤੇ ਨਿਮੋਨੀਆ ਤੋਂ ਪੀੜਿਤ ਸਨ। ਡਾਕਟਰਾਂ ਦੀ ਇਕ ਟੀਮ ਲਗਾਤਾਰ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖ ਰਹੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਦੇ ਜ਼ਰੀਏ ਐਨਡੀ ਤਿਵਾਰੀ ਦੇ ਦੇਹਾਂਤ ‘ਤੇ ਡੂੰਘਾ ਦੁੱਖ ਵਿਅਕਤ ਕੀਤਾ ਹੈ। ਉਨ੍ਹਾਂ ਨੇ ਲਿਖਿਆ, ਐਨਡੀ ਤਿਵਾਰੀ ਦੇ ਦੇਹਾਂਤ ਸੁਣ ਕੇ ਗਹਿਰਾ ਦੁੱਖ ਹੋਇਆ। ਇਕ ਦਿੱਗਜ ਨੇਤਾ, ਜੋ ਅਪਣੀਆਂ ਪ੍ਰਬੰਧਕੀ ਸਕਿਲਸ ਲਈ ਜਾਣੇ ਜਾਂਦੇ ਸਨ।
ਉਨ੍ਹਾਂ ਨੂੰ ਇੰਡਸਟਰੀਅਲ ਗਰੋਥ ਦੇ ਨਾਲ-ਨਾਲ ਯੂਪੀ ਅਤੇ ਉਤਰਾਖੰਡ ਦੇ ਵਿਕਾਸ ਲਈ ਕੀਤੀਆਂ ਗਈਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਯਾਦ ਕੀਤਾ ਜਾਵੇਗਾ। 1990 ਦੇ ਦਹਾਕੇ ਵਿਚ ਇਕ ਸਮਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਪੀਵੀ ਨਰਸਿਮਹਾ ਰਾਉ ਨੂੰ ਇਹ ਅਹੁਦਾ ਮਿਲਿਆ। ਪੀਐਮ ਦੀ ਕੁਰਸੀ ਨਾ ਮਿਲਣ ਦਾ ਇਕ ਕਾਰਨ ਇਹ ਵੀ ਸੀ ਕਿ ਉਹ ਸਿਰਫ਼ 800 ਵੋਟਾਂ ਨਾਲ ਲੋਕ ਸਭਾ ਦੀਆਂ ਚੋਣਾਂ ਹਾਰ ਗਏ ਸਨ। ਉਹ ਲੰਮੇ ਸਮੇਂ ਤੱਕ ਕਾਂਗਰਸ ਪਾਰਟੀ ਵਿਚ ਰਹੇ।
1994 ਵਿਚ ਵਿਚਾਰਿਕ ਮੱਤਭੇਦ ਦੇ ਕਾਰਨ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿਤਾ ਸੀ ਅਤੇ ਤਿਵਾਰੀ ਕਾਂਗਰਸ ਬਣਾਈ। ਹਾਲਾਂਕਿ, ਸੋਨੀਆ ਗਾਂਧੀ ਦੇ ਪਾਰਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਉਹ ਵਾਪਸ ਕਾਂਗਰਸ ਵਿਚ ਆ ਗਏ।