
ਕਿਸਾਨ ਆਗੂ ਅਭਿਮਨਯੂ ਕੋਹਾੜ ਨੇ ਭਾਜਪਾ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਲੋਕਾਂ ਤੱਕ ਸੱਚ ਪਹੁੰਚਾਉਣ ਵਾਲਿਆਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ।
ਸੋਨੀਪਤ (ਹਰਜੀਤ ਕੌਰ): ਲਖੀਮਪੁਰ ਖੀਰੀ ਘਟਨਾ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸੋਨੀਪਤ ਜੰਕਸ਼ਨ ਵਿਖੇ ਰੇਲ ਪਟੜੀਆਂ ਉੱਤੇ ਧਰਨੇ ’ਤੇ ਬੈਠੇ ਕਿਸਾਨ ਆਗੂ ਅਭਿਮਨਯੂ ਕੋਹਾੜ ਨੇ ਭਾਜਪਾ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਲੋਕਾਂ ਤੱਕ ਸੱਚ ਪਹੁੰਚਾਉਣ ਵਾਲਿਆਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਅਪਣੀਆਂ ਕਲਮਾਂ ਨੂੰ ਜੰਜੀਰਾਂ ਤੋਂ ਆਜ਼ਾਦ ਕਰੋ।
Abhimanyu Kohar at sonipat junction
ਦਰਅਸਲ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਨੇਤਾ ਅਭਿਮਨਯੂ ਕੋਹਾੜ ਅਪਣੇ ਸਮਰਥਕਾਂ ਨਾਲ ਸੋਨੀਪਤ ਰੇਲਵੇ ਸਟੇਸ਼ਨ ’ਤੇ ਪਹੁੰਚੇ, ਜਿੱਥੇ ਉਹਨਾਂ ਨੇ ਲਖੀਮਪੁਰ ਖੀਰੀ ਘਟਨਾ ਦੇ ਪੀੜਤਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਰੋਜ਼ਾਨਾ ਸਪੋਕਸਮੈਨ ਨਾਲ ਗੱਲ਼ ਕਰਦਿਆਂ ਅਭਿਮਨਯੂ ਕੋਹਾੜ ਨੇ ਕਿਹਾ ਕਿ ਜੇ ਸਰਕਾਰ ਵਿਚ ਥੋੜੀ ਬਹੁਤੀ ਵੀ ਸ਼ਰਮ ਜਾਂ ਬੁੱਧੀ ਹੈ ਤਾਂ ਉਹ ਨਿਸ਼ਚਿਤ ਤੌਰ ’ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਖਿਲਾਫ਼ ਕਾਰਵਾਈ ਕਰਕੇ ਉਸ ਨੂੰ ਬਰਖ਼ਾਸਤ ਕਰੇਗੀ।
Sonipat junction
ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਜ਼ਿੰਮੇਵਾਰੀ ਦੇਸ਼ ਦੀ ਅੰਦਰੂਨੀ ਸੁਰੱਖਿਆ ਬਣਾਈ ਰੱਖਣਾ ਹੈ। ਕੇਂਦਰੀ ਮੰਤਰੀ ਨੇ ਲਖੀਮਪੁਰ ਘਟਨਾ ਤੋਂ ਪਹਿਲਾਂ ਕਿਹਾ ਸੀ ਕਿ ਮੰਤਰੀ ਬਣਨ ਤੋਂ ਪਹਿਲਾਂ ਮੈਂ ਕੀ ਸੀ, ਇਹ ਪੂਰਾ ਇਲਾਕਾ ਜਾਣਦਾ ਹੈ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਪਹਿਲਾਂ ਵੀ ਤਸਕਰੀ ਕਰਦੇ ਸੀ ਤੇ ਹੁਣ ਵੀ ਤਸਕਰੀ ਕਰਦੇ ਨੇ। ਇਸ ਤੋਂ ਇਲਾਵਾ ਉਹ ਹੱਤਿਆਵਾਂ ਦੇ ਆਰੋਪੀ ਵੀ ਹਨ।
Abhimanyu Kohar at sonipat junction
ਅਭਿਮਨਯੂ ਕੋਹਾੜ ਦਾ ਕਹਿਣਾ ਹੈ ਕਿ ਜੇ ਪ੍ਰਧਾਨ ਮੰਤਰੀ ਅਤੇ ਸਰਕਾਰ ਨੇ ਪਹਿਲਾਂ ਹੀ ਗ੍ਰਹਿ ਰਾਜ ਮੰਤਰੀ ਖਿਲਾਫ਼ ਐਕਸ਼ਨ ਲਿਆ ਹੁੰਦਾ ਤਾਂ ਲਖੀਮਪੁਰ ਖੀਰੀ ਕਤਲੇਆਮ ਨਾ ਹੁੰਦਾ। ਅਭਿਮਨਯੂ ਕੋਹਾੜ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਜੇ ਅੱਜ ਦੇਸ਼ ਦੇ ਸਾਰੇ ਪੱਤਰਕਾਰ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਜ਼ਮੀਨੀ ਹਾਲਾਤ ਦਿਖਾਉਣਗੇ ਤਾਂ ਮੋਦੀ ਸਰਕਾਰ ਨਹੀਂ ਬਚੇਗੀ। ਸਰਕਾਰ ਨੂੰ ਭਾਜੜਾਂ ਪੈ ਜਾਣਗੀਆਂ।
Sonipat junction
ਕਿਸਾਨ ਆਗੂ ਨੇ ਕਿਹਾ ਕਿ ਆਮ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਉਹਨਾਂ ਨੂੰ ਅਫਸੋਸ ਹੈ ਪਰ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਲੜਾਈ ਉਹਨਾਂ ਦੇ ਭਵਿੱਖ ਲਈ ਹੀ ਹੈ। ਇਹ ਕਿਸਾਨ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਸੜਕਾਂ ਉੱਤੇ ਬੈਠੇ ਹਨ। ਇਹ ਲੜਾਈ ਸਾਰਿਆਂ ਦੀ ਹੈ ਤੇ ਇਸ ਦੇ ਲਈ ਸਾਰਿਆਂ ਨੂੰ ਲੜਨਾ ਪਵੇਗਾ। ਕਿਸਾਨ ਆਗੂ ਅਭਿਮਨਯੂ ਕੋਹਾੜ ਨੇ ਕਿਹਾ ਕਿ ਲਖੀਮਪੁਰ ਖੀਰੀ ਘਟਨਾ ਦੇ ਸ਼ਹੀਦਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਅਤੇ ਉਹਨਾਂ ਦੇ ਪਰਿਵਾਰਾਂ ਦੀ ਹਰ ਜ਼ਰੂਰਤ ਨੂੰ ਪੂਰਾ ਕੀਤਾ ਜਾਵੇਗਾ।
Sonipat junction
ਉਹਨਾਂ ਕਿਹਾ ਸ਼ਹੀਦਾਂ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਦਰਜ ਹੋ ਰਹੇ ਪਰਚਿਆਂ ਬਾਰੇ ਕਿਸਾਨ ਆਗੂ ਅਭਿਮਨਯੂ ਕੋਹਾੜ ਨੇ ਕਿਹਾ ਕਿ ਅੰਦੋਲਨਕਾਰੀਆਂ ਲਈ ਪਰਚੇ ਅਤੇ ਮੁਕੱਦਮੇ ਮੈਡਲ ਦੀ ਤਰ੍ਹਾਂ ਹੁੰਦੇ ਹਨ। ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਇਸ ਦੌਰਾਨ ਹੋਰ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਦਾ ਇਹ ਅੰਦੋਲਨ ਹਰ ਭਾਰਤੀ ਦੇ ਅਧਿਕਾਰਾਂ ਦੀ ਰੱਖਿਆ ਲਈ ਹੈ ਅਤੇ ਸਾਰਿਆਂ ਨੂੰ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ।