
ਅਦਾਲਤ ਵਲੋਂ ਮਾਮਲੇ ਦੀ ਸੁਣਵਾਈ 9 ਜਨਵਰੀ 2024 ਤਕ ਮੁਲਤਵੀ ਕਰ ਦਿਤੀ ਗਈ ਹੈ।
1984 Pul Bangash Massacre: ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਵਕੀਲ ਨੂੰ 1984 ਪੁਲਬੰਗਸ਼ ਸਿੱਖ ਕਤਲੇਆਮ ਵਿਚ ਦਿੱਲੀ ਪੁਲਿਸ ਅਤੇ ਸੀਬੀਆਈ ਵਲੋਂ ਦਰਜ ਐਫਆਈਆਰਜ਼ ਦੀ ਸੂਚੀ ਅਤੇ ਜਾਂਚ ਦੇ ਨਤੀਜੇ ਦੇਣ ਲਈ ਕਿਹਾ ਹੈ। ਅਦਾਲਤ ਵਲੋਂ ਮਾਮਲੇ ਦੀ ਸੁਣਵਾਈ 9 ਜਨਵਰੀ 2024 ਤਕ ਮੁਲਤਵੀ ਕਰ ਦਿਤੀ ਗਈ ਹੈ।
ਇਸ ਤੋਂ ਪਹਿਲਾਂ 21 ਨਵੰਬਰ 2023 ਨੂੰ 1984 ਦੇ ਪੁਲਬੰਗਸ਼ ਵਿਚ ਸਿੱਖਾਂ ਦੇ ਕਤਲੇਆਮ ਮਾਮਲੇ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁਧ ਦੋਸ਼ ਆਇਦ ਕਰਨ ਦੀ ਸੁਣਵਾਈ ਮੁਲਤਵੀ ਕਰ ਦਿਤੀ ਗਈ ਸੀ। ਇਸ ਮੌਕੇ ਟਾਈਟਲਰ ਦੇ ਵਕੀਲ ਮਨੂ ਸ਼ਰਮਾ ਨੇ ਸੁਣਵਾਈ ਮੁਲਤਵੀ ਕਰਨ ਦੀ ਮੰਗ ਕਰਦਿਆਂ ਕਿਹਾ ਸੀ ਕਿ ਜਾਂਚ ਏਜੰਸੀ ਨੇ ਅਜੇ ਤਕ ਉਨ੍ਹਾਂ ਨੂੰ ਸਾਰੇ ਪ੍ਰਮਾਣਿਤ ਦਸਤਾਵੇਜ਼ਾਂ ਦੀਆਂ ਕਾਪੀਆਂ ਮੁਹੱਈਆ ਨਹੀਂ ਕਰਵਾਈਆਂ ਹਨ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 18 ਦਸੰਬਰ ਤਕ ਮੁਲਤਵੀ ਕਰ ਦਿਤੀ ਸੀ।
ਇਸ ਤੋਂ ਪਹਿਲਾਂ 5 ਅਗਸਤ ਨੂੰ ਸੈਸ਼ਨ ਕੋਰਟ ਨੇ ਟਾਈਟਲਰ ਨੂੰ ਅਗਾਊਂ ਜ਼ਮਾਨਤ ਦਿਤੀ ਸੀ। ਟਾਈਟਲਰ ਨੂੰ ਦਿਤੀ ਗਈ ਜ਼ਮਾਨਤ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਵਿਰੋਧ ਕੀਤਾ ਸੀ, ਜੋ ਪੀੜਤਾਂ ਦਾ ਕੇਸ ਲੜ ਰਹੀ ਹੈ। ਡੀਐਸਜੀਐਮਸੀ ਦੇ ਬੈਨਰ ਹੇਠ ਪੀੜਤ ਪਰਿਵਾਰਾਂ ਨੇ ਟਾਈਟਲਰ ਦੀ ਪੇਸ਼ੀ ਮੌਕੇ ਰਾਊਜ਼ ਐਵੇਨਿਊ ਅਦਾਲਤ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ। ਪੀੜਤ ਪਰਿਵਾਰਾਂ ਦਾ ਕਹਿਣਾ ਹੈ, "ਅਸੀਂ ਅਦਾਲਤ ਦਾ ਸਤਿਕਾਰ ਕਰਦੇ ਹਾਂ, ਪਰ ਇਸ ਮਾਮਲੇ 'ਚ ਟਾਈਟਲ ਨੂੰ ਜ਼ਮਾਨਤ ਦੇਣਾ ਉਚਿਤ ਨਹੀਂ ਹੈ। ਅਸੀਂ ਇਸ ਦੇ ਖਿਲਾਫ਼ ਹਾਈ ਕੋਰਟ 'ਚ ਅਪੀਲ ਕਰਾਂਗੇ। ਅਸੀਂ 39 ਸਾਲਾਂ ਤੋਂ ਇਨਸਾਫ਼ ਲਈ ਇਹ ਲੜਾਈ ਲੜ ਰਹੇ ਹਾਂ। ਵੱਡਾ ਜੁਰਮ ਹੋਇਆ ਹੈ। ਹੁਣ ਸਾਨੂੰ ਇਨਸਾਫ਼ ਚਾਹੀਦਾ ਹੈ।"
ਇਹ ਹੈ ਪੂਰਾ ਮਾਮਲਾ: ਇਲਜ਼ਾਮ ਹਨ ਕਿ ਟਾਈਟਲਰ ਨੇ ਪੁਲਬੰਗਸ਼ 'ਚ ਦੰਗਾਕਾਰੀ ਭੀੜ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਭੀੜ ਨੇ ਗੁਰਦੁਆਰੇ ਨੂੰ ਅੱਗ ਲਗਾ ਦਿਤੀ ਅਤੇ ਉਸੇ ਅੱਗ 'ਚ ਤਿੰਨ ਲੋਕਾਂ ਨੂੰ ਜ਼ਿੰਦਾ ਸਾੜ ਦਿਤਾ। ਟਾਈਟਲਰ ਖ਼ੁਦ ਇਸ ਵਿਚ ਸ਼ਾਮਲ ਸੀ। ਪੀੜਤਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸੱਜਣ ਕੁਮਾਰ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ, ਉਸੇ ਤਰ੍ਹਾਂ ਅਸੀਂ ਟਾਈਟਲਰ ਨੂੰ ਵੀ ਸਜ਼ਾ ਦੇਣ ਦੀ ਮੰਗ ਕਰਦੇ ਹਾਂ।
(For more news apart from Delhi Court requests Jagdish Tytler's counsel for Sikh Genocide FIR list., stay tuned to Rozana Spokesman)