
ਕਿਹਾ, ਸੁਧਾਰਾਂ ਲਈ ਕਾਂਗਰਸ ਆਗੂ ਨਰਸਿਮ੍ਹਾ ਰਾਉ ਨੂੰ ਦਿਤਾ ਜਾਵੇ 'ਭਾਰਤ ਰਤਨ'
ਹੈਦਰਾਬਾਦ : ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਬਰਮਨੀਅਮ ਸਵਾਮੀ ਨੇ ਅਹਿਮ ਕਰ ਸੁਧਾਰ ਮੰਨੇ ਜਾ ਰਹੇ ਮਾਲ ਅਤੇ ਸੇਵਾ ਕਰ (ਜੀਐਸਟੀ) ਨੂੰ 21ਵੀਂ ਸਦੀ ਦਾ ਸੱਭ ਤੋਂ ਵੱਡਾ ਪਾਗ਼ਲਪਨ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ 2030 ਤਕ ਮਹਾਸ਼ਕਤੀ ਬਣਨ ਲਈ ਸਾਲਾਨਾ 10 ਫ਼ੀ ਸਦੀ ਦੀ ਵਾਧਾ ਦਰ ਨਾਲ ਅੱਗੇ ਵਧਣਾ ਪਵੇਗਾ।
Photo
ਸਵਾਮੀ ਨੇ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮ੍ਹਾ ਰਾਉ ਨੂੰ ਉਨ੍ਹਾਂ ਦੇ ਕਾਰਜਕਾਲ ਵਿਚ ਕੀਤੇ ਗਏ ਸੁਧਾਰਾਂ ਲਈ ਦੇਸ਼ ਦਾ ਸੱਭ ਤੋਂ ਵੱਡਾ ਨਾਗਰਿਕ ਸਨਮਾਨ 'ਭਾਰਤ ਰਤਨ' ਦਿਤੇ ਜਾਣ ਦੀ ਮੰਗ ਕੀਤੀ। ਸਵਾਮੀ ਇਥੇ ਕਿਸੇ ਸੰਮੇਲਨ ਵਿਚ ਬੋਲ ਰਹੇ ਸਨ।
Photo
ਉਨ੍ਹਾਂ ਕਿਹਾ ਕਿ ਸਮੇਂ ਸਮੇਂ 'ਤੇ ਦੇਸ਼ ਨੇ ਅੱਠ ਫ਼ੀ ਸਦੀ ਆਰਥਕ ਵਾਧਾ ਦਰ ਹਾਸਲ ਕੀਤੀ ਹੈ ਪਰ ਕਾਂਗਰਸ ਆਗੂ ਦੁਆਰਾ ਕੀਤੇ ਗਏ ਸੁਧਾਰਾਂ ਵਿਚ ਅੱਗੇ ਕੋਈ ਬਿਹਤਰੀ ਵਿਖਾਈ ਨਹੀਂ ਦਿਤੀ। ਸਵਾਮੀ ਨੇ ਕਿਹਾ, 'ਅਜਿਹੇ ਸਮੇਂ ਅਸੀਂ ਉਸ ਵਾਧਾ ਦਰ ਨੂੰ ਕਿਵੇਂ ਹਾਸਲ ਕਰਾਂਗੇ। ਇਸ ਲਈ ਤਾਂ ਸਾਨੂੰ ਭ੍ਰਿਸ਼ਟਾਚਾਰ ਨਾਲ ਲੜਨ ਦੀ ਅਤੇ ਦੂਜੇ ਨਿਵੇਸ਼ ਕਰਨ ਵਾਲਿਆਂ ਨੂੰ ਇਨਾਮ ਦੇਣ ਦੀ ਲੋੜ ਹੈ।
Photo
ਤੁਸੀਂ ਨਿਵੇਸ਼ਕਾਂ ਨੂੰ ਆਮਦਨ ਕਰ ਅਤੇ ਜੀਐਸਟੀ ਜੋ 21ਵੀਂ ਸਦੀ ਦਾ ਸੱਭ ਤੋਂ ਵੱਡਾ ਪਾਗ਼ਲਪਨ ਹੈ, ਜ਼ਰੀਏ ਡਰਾਉਣਾ ਬੰਦ ਕਰੋ।' ਰਾਜ ਸਭਾ ਮੈਂਬਰ ਨੇ ਕਿਹਾ ਕਿ ਜੀਐਸਟੀ ਏਨਾ ਗੁੰਝਲਦਾਰ ਹੈ ਕਿ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਕਿ ਕਿਥੇ ਕਿਹੜਾ ਫ਼ਾਰਮ ਭਰਨਾ ਹੈ।
Photo
ਸਵਾਮੀ ਨੇ ਨਿਵੇਸ਼ ਦੇ ਸਬੰਧ ਵਿਚ ਕਿਹਾ, 'ਕੋਈ ਰਾਜਸਥਾਨ, ਬਾੜਮੇਰ ਤੋਂ ਆਇਆ, ਉਸ ਨੇ ਕਿਹਾ ਕਿ ਸਾਡੇ ਕੋਲ ਬਿਜਲੀ ਨਹੀਂ ਹੈ, ਅਸੀਂ ਕਿਵੇਂ ਇਹ ਫ਼ਾਰਮ ਅਪਲੋਡ ਕਰੀਏ? ਇਸ 'ਤੇ ਮੈਂ ਉਸ ਨੂੰ ਕਿਹਾ ਕਿ ਉਹ ਅਪਣੇ ਮੱਥੇ 'ਤੇ ਅਪਲੋਡ ਕਰ ਲਵੇ ਅਤੇ ਪ੍ਰਧਾਨ ਮੰਤਰੀ ਕੋਲ ਜਾ ਕੇ ਉਸ ਨੂੰ ਕਹੇ।' ਉਨ੍ਹਾਂ ਕਿਹਾ ਕਿ ਭਾਰਤ ਸਾਹਮਣੇ ਅੱਜ ਮੰਗ ਦੀ ਕਮੀ ਦੀ ਸਮੱਸਿਆ ਹੈ। ਲੋਕਾਂ ਕੋਲ ਖ਼ਰਚਣ ਜੋਗੇ ਪੈਸੇ ਨਹੀਂ ਜਿਸ ਦਾ ਆਰਥਕ ਚੱਕਰ 'ਤੇ ਅਸਰ ਪੈ ਰਿਹਾ ਹੈ।