
ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕੀਤੀ ਕਾਰਵਾਈ
ਫ਼ਿਰੋਜ਼ਾਬਾਦ : ਉੱਤਰ ਪ੍ਰਦੇਸ਼ ਦਾ ਇਕ ਨੌਜਵਾਨ ਟ੍ਰੈਫਿਕ ਜਾਮ ਤੋਂ ਇਸ ਕਦਰ ਪ੍ਰੇਸ਼ਾਨ ਹੋ ਗਿਆ ਕਿ ਇਸ ਦੇ ਹੱਲ ਲਈ ਉਸ ਨੇ ਟ੍ਰੈਫ਼ਿਕ ਪੁਲਿਸ ਵਲੋਂ ਮਿਲੀ ਦੋ ਘੰਟੇ ਲਈ 'ਸੀਓ ਟ੍ਰੈਫ਼ਿਕ' ਬਣਨ ਦੀ ਚੁਨੌਤੀ ਵੀ ਕਬੂਲ ਕਰ ਲਈ। ਹਿੰਦੀ ਫ਼ਿਲਮ ਨਾਇਕ ਦੀ ਤਰਜ਼ 'ਤੇ ਇਹ ਨੌਜਵਾਨ ਨੂੰ ਦੋ ਘੰਟੇ ਲਈ ਸ਼ਹਿਰ ਦੀ ਟ੍ਰੈਫ਼ਿਕ ਵਿਵਸਥਾ ਨੂੰ ਦਰੁਸਤ ਕਰਨ ਲਈ ਦੌੜ-ਭੱਜ ਕਰਦਾ ਵੇਖਿਆ ਗਿਆ।
Photo
ਇਸ ਦੌਰਾਨ ਜਿੱਥੇ ਟ੍ਰੈਫ਼ਿਕ ਪੁਲਿਸ ਮੁਲਾਜ਼ਮਾਂ ਨੇ ਇਸ ਦੇ ਹਰ ਹੁਕਮ ਨੂੰ ਸਿਰੇ ਮੱਥੇ ਸਵੀਕਾਰ ਕੀਤਾ, ਉਥੇ ਹੀ ਇਸ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਅਤੇ ਕਈਆਂ ਤੋਂ 1600 ਦੇ ਕਰੀਬ ਜੁਰਮਾਨਾ ਵੀ ਵਸੂਲਿਆ।
Photo
ਦਰਅਸਲ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਜ਼ਿਲ੍ਹੇ ਅੰਦਰ ਟ੍ਰੈਫ਼ਿਕ ਦੀ ਗੰਭੀਰ ਸਮੱਸਿਆ ਤੋਂ ਇਹ ਨੌਜਵਾਨ ਡਾਢਾ ਪ੍ਰੇਸ਼ਾਨ ਸੀ। ਸਮੱਸਿਆ ਦੇ ਹੱਲ ਲਈ ਉਹ ਮੰਗਲਵਾਰ ਨੂੰ ਐਸਐਸਪੀ ਕੋਲ ਸ਼ਿਕਾਇਤ ਕਰਨ ਪਹੁੰਚ ਗਿਆ। ਐਸਐਸਪੀ ਨੇ ਲੋਕਾਂ ਦੀ ਟ੍ਰੈਫ਼ਿਕ ਨਿਯਮਾਂ ਨੂੰ ਤੋੜਣ ਦੀ ਆਦਤ ਦਾ ਹਵਾਲਾ ਦਿੰਦਿਆਂ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਨੌਜਵਾਨ ਅਪਣੀ ਗੱਲ 'ਤੇ ਅੜਿਆ ਰਿਹਾ, ਜਿਸ ਤੋਂ ਬਾਅਦ ਐਸਐਸਪੀ ਨੇ ਨੌਜਵਾਨ ਨੂੰ ਅਸਲ ਹਾਲਾਤ ਤੋਂ ਜਾਣੂ ਕਰਵਾਉਣ ਲਈ ਦੋ ਘੰਟੇ ਲਈ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਦੀ ਚੁਨੌਤੀ ਦਿਤੀ, ਜਿਸ ਨੂੰ ਨੌਜਵਾਨ ਨੇ ਕਬੂਲ ਕਰ ਲਿਆ।
Photo
ਐਸਐਸਪੀ ਨੇ ਉਸ ਨੂੰ ਪੁਛਿਆ ਕਿ ਜੇਕਰ ਇਹ ਜ਼ਿੰਮੇਵਾਰੀ ਉਸ ਨੂੰ ਸੌਂਪ ਦਿਤੀ ਜਾਵੇ ਤਾਂ ਉਹ ਇਸ ਸਮੱਸਿਆ ਨਾਲ ਕਿਵੇਂ ਨਜਿੱਠੇਗਾ? ਇਕ ਵਾਰ ਤਾਂ ਨੌਜਵਾਨ ਕੁੱਝ ਸੋਚੀ ਪੈ ਗਿਆ ਪਰ ਛੇਤੀ ਹੀ ਉਸ ਨੇ ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਖੁਦ ਨੂੰ ਪੇਸ਼ ਕਰ ਦਿਤਾ। ਇਸ ਤੋਂ ਬਾਅਦ ਐਸਐਸਪੀ ਸਚਿੰਦਰਾ ਪਟੇਲ ਨੇ ਸੋਨੂੰ ਨੂੰ ਦੋ ਘੰਟੇ ਟ੍ਰੈਫ਼ਿਕ ਆਵਜਾਈ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਸੌਂਪਦਿਆਂ ਉਸ ਨੂੰ ਸਰਕਲ ਅਫ਼ਸਰ ਦੇ ਅਹੁਦੇ 'ਤੇ 'ਟ੍ਰੈਫ਼ਿਕ ਵਲੰਟੀਅਰ' ਦਾ ਨਾਮ ਦਿੰਦਿਆਂ ਤੈਨਾਤ ਕਰ ਦਿਤਾ।
Photo
ਇਸ ਤੋਂ ਬਾਅਦ ਨੌਜਵਾਨ ਨੇ ਸਰਕਾਰੀ ਗੱਡੀ 'ਤੇ ਸੁਭਾਸ਼ ਚੌਂਕ ਪਹੁੰਚ ਕੇ ਅਪਣੀ ਮੁਹਿੰਮ ਸ਼ੁਰੂ ਕਰ ਦਿਤੀ। ਇਸ ਦੌਰਾਨ ਸੋਨੂੰ ਨੇ ਬੱਸ ਅੱਡੇ 'ਤੇ ਗ਼ੈਰ ਕਾਨੂੰਨੀ ਢੰਗ ਨਾਲ ਖੜ੍ਹੀਆਂ ਬੱਸਾਂ ਨੂੰ ਬਾਹਰ ਕਢਵਾਇਆ। ਸੋਨੂੰ ਨਾਲ ਆਏ ਟ੍ਰੈਫ਼ਿਕ ਇੰਸਪੈਕਟਰ ਰਾਮਦੱਤ ਸ਼ਰਮਾ ਅਨੁਸਾਰ ਅੱਠ ਵਾਹਨਾਂ ਨੂੰ ਗ਼ਲਤ ਪਾਰਕਿੰਗ ਤੇ ਸੜਕ ਦੇ ਗ਼ਲਤ ਪਾਸੇ ਵਾਹਨ ਚਲਾਉਣ ਲਈ ਨੋਟਿਸ ਜਾਰੀ ਕੀਤੇ ਗਏ ਹਨ।
Photo
ਸੋਨੂੰ ਨੇ ਅਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਟ੍ਰੈਫ਼ਿਕ ਸਮੱਸਿਆ ਨਾਲ ਨਜਿੱਠਣ ਦੇ ਤਜਰਬੇ ਬਾਅਦ ਮੈਨੂੰ ਟ੍ਰੈਫ਼ਿਕ ਪੁਲਿਸ ਦੀ ਸਮੱਸਿਆ ਅਤੇ ਗੜਬੜੀ ਵਾਲੇ ਆਵਾਜਾਈ ਦੇ ਕਾਰਨਾਂ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੀ ਪ੍ਰੇਰਣਾ ਵੀ ਮਿਲੀ ਹੈ।