
ਟਿਮ ਕੁੱਕ ਨੇ ਟਵੀਟ ਕੀਤਾ ਹੈ ਕਿ ਨਿੱਘੇ ਸਵਾਗਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ।
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਐਪਲ ਸਟੋਰ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਕੰਪਨੀ ਦੇ ਸੀਈਓ ਟਿਮ ਕੁੱਕ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਟਿਮ ਕੁੱਕ ਨੇ ਟਵੀਟ ਕੀਤਾ ਹੈ ਕਿ ਨਿੱਘੇ ਸਵਾਗਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ। ਅਸੀਂ ਭਾਰਤ ਦੇ ਭਵਿੱਖ 'ਤੇ ਤਕਨਾਲੋਜੀ ਦੇ ਸਕਾਰਾਤਮਕ ਪ੍ਰਭਾਵ ਬਾਰੇ ਤੁਹਾਡੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹਾਂ - ਸਿੱਖਿਆ ਅਤੇ ਵਿਕਾਸਕਾਰਾਂ ਤੋਂ ਲੈ ਕੇ ਨਿਰਮਾਣ ਅਤੇ ਵਾਤਾਵਰਣ ਤੱਕ, ਅਸੀਂ ਦੇਸ਼ ਭਰ ਵਿਚ ਵਿਕਾਸ ਅਤੇ ਨਿਵੇਸ਼ ਕਰਨ ਲਈ ਵਚਨਬੱਧ ਹਾਂ।
ਟਿਮ ਕੁੱਕ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ ਕਿ ਭਾਰਤ ਵਿਚ ਹੋ ਰਹੇ ਟੈਕਨੋਲੋਜੀ ਦੁਆਰਾ ਸੰਚਾਲਿਤ ਤਬਦੀਲੀਆਂ ਅਤੇ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਕੇ ਚੰਗਾ ਲੱਗਿਆ।
ਭਲਕੇ ਦਿੱਲੀ ਵਿਚ ਗਾਹਕਾਂ ਦਾ ਸਵਾਗਤ ਕਰਨਗੇ ਟਿਮ ਕੁੱਕ
ਆਈਫੋਨ ਨਿਰਮਾਤਾ ਐਪਲ ਦੇ ਸੀਈਓ ਟਿਮ ਕੁੱਕ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਕੰਪਨੀ ਦੇ ਪਹਿਲੇ ਸਟੋਰ ਦੇ ਉਦਘਾਟਨ 'ਤੇ ਗਾਹਕਾਂ ਦਾ ਸਵਾਗਤ ਕਰਨਗੇ। ਕੰਪਨੀ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ 'ਚ ਇਸ ਦੂਜੇ ਐਪਲ ਸਟੋਰ ਦੇ ਉਦਘਾਟਨ ਮੌਕੇ ਕੁੱਕ ਖੁਦ ਮੌਜੂਦ ਹੋਣਗੇ। ਫਿਲਹਾਲ ਉਹ ਦਿੱਲੀ 'ਚ ਹਨ ਜਿੱਥੇ ਉਨ੍ਹਾਂ ਦਾ ਕਈ ਮਸ਼ਹੂਰ ਹਸਤੀਆਂ ਨੂੰ ਮਿਲਣ ਦਾ ਪ੍ਰੋਗਰਾਮ ਹੈ। ਮੰਗਲਵਾਰ ਨੂੰ ਮੁੰਬਈ 'ਚ ਐਪਲ ਦੇ ਪਹਿਲੇ ਸਟੋਰ ਦੇ ਉਦਘਾਟਨ ਮੌਕੇ ਕੁੱਕ ਵੀ ਮੌਜੂਦ ਸਨ। ਉਨ੍ਹਾਂ ਨੇ ਸਟੋਰ ਦੇ ਦਰਵਾਜ਼ੇ ਖੋਲ੍ਹ ਕੇ ਗਾਹਕਾਂ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਅੰਬਾਲਾ 'ਚ ਪੰਜਾਬੀ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਕਾਰ ਖਰੀਦਣ ਲਈ ਜਾ ਰਿਹਾ ਸੀ ਦਿੱਲੀ
Apple CEO Tim Cook Met Union Minister Ashwini Vaishnaw
ਦਿੱਲੀ ਵਿਚ ਐਪਲ ਦਾ ਸਟੋਰ ਸਾਕੇਤ ਦੇ ਸਿਲੈਕਟ ਸਿਟੀਵਾਕ ਮਾਲ ਵਿਚ ਖੁੱਲ੍ਹਣ ਜਾ ਰਿਹਾ ਹੈ। 'ਐਪਲ ਸਾਕੇਤ' ਨਾਮ ਦੇ ਇਸ ਸਟੋਰ ਦਾ ਡਿਜ਼ਾਈਨ ਦਿੱਲੀ ਦੇ ਪੁਰਾਣੇ ਦਰਵਾਜ਼ਿਆਂ ਤੋਂ ਪ੍ਰੇਰਿਤ ਹੈ। ਹਾਲਾਂਕਿ ਇਹ ਮੁੰਬਈ ਦੇ ਸਟੋਰ ਤੋਂ ਆਕਾਰ 'ਚ ਥੋੜ੍ਹਾ ਛੋਟਾ ਹੈ। ਇਸ ਤੋਂ ਇਲਾਵਾ ਐਪਲ ਦੇ ਸੀਈਓ ਟਿਮ ਕੁੱਕ ਨੇ ਕੇਂਦਰੀ ਰੇਲ, ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਵੀ ਮੁਲਾਕਾਤ ਕੀਤੀ।