
ਅੱਠ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ’ਤੇ ਵੋਟਿੰਗ ਹੋਵੇਗੀ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਸੋਮਵਾਰ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਬਿਹਾਰ, ਜੰਮੂ-ਕਸ਼ਮੀਰ, ਲੱਦਾਖ, ਝਾਰਖੰਡ, ਮਹਾਰਾਸ਼ਟਰ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪਛਮੀ ਬੰਗਾਲ ਸਮੇਤ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ’ਤੇ ਸੋਮਵਾਰ ਨੂੰ ਪੰਜਵੇਂ ਪੜਾਅ ਦੀ ਵੋਟਿੰਗ ਹੋਵੇਗੀ। ਲੋਕ ਸਭਾ ਚੋਣਾਂ ਤੋਂ ਇਲਾਵਾ ਓਡੀਸ਼ਾ ਦੀਆਂ 35 ਵਿਧਾਨ ਸਭਾ ਸੀਟਾਂ ਲਈ ਵੀ ਸੋਮਵਾਰ ਨੂੰ ਵੋਟਿੰਗ ਹੋਵੇਗੀ।
ਹੁਣ ਤਕ ਦੇਸ਼ ਦੇ 23 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 379 ਲੋਕ ਸਭਾ ਸੀਟਾਂ ਲਈ ਵੋਟਿੰਗ ਹੋ ਚੁਕੀ ਹੈ। ਲੋਕ ਸਭਾ ਚੋਣਾਂ ਦੇ ਪਿਛਲੇ ਚਾਰ ਪੜਾਵਾਂ ’ਚ ਹੁਣ ਤਕ 66.95 ਫੀ ਸਦੀ ਵੋਟਿੰਗ ਹੋ ਚੁਕੀ ਹੈ। ਪਿਛਲੇ ਚਾਰ ਪੜਾਵਾਂ ’ਚ ਲਗਭਗ 45.10 ਕਰੋੜ ਵੋਟਰਾਂ ਨੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸਾਲ ਫ਼ਰਵਰੀ ’ਚ ਦੇਸ਼ ’ਚ ਕੁਲ ਵੋਟਰਾਂ ਦੀ ਗਿਣਤੀ ਕਰੀਬ 97 ਕਰੋੜ ਹੈ।
ਉਧਰ ਵੋਟਿੰਗ ਤੋਂ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਮੁੰਬਈ, ਠਾਣੇ ਅਤੇ ਲਖਨਊ ਵਰਗੇ ਸ਼ਹਿਰਾਂ ਦੇ ਲੋਕਾਂ ਨੇ ਪਿਛਲੇ ਸਮੇਂ ’ਚ ਵੋਟਿੰਗ ਪ੍ਰਤੀ ਉਦਾਸੀਨਤਾ ਵਿਖਾਈ ਹੈ। ਕਮਿਸ਼ਨ ਨੇ ਇਨ੍ਹਾਂ ਸ਼ਹਿਰਾਂ ਦੇ ਵੋਟਰਾਂ ਨੂੰ ਇਸ ਵਾਰ ਵੱਡੀ ਗਿਣਤੀ ’ਚ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਚੋਣ ਕਮਿਸ਼ਨ ਨੇ ਕਿਹਾ, ‘‘ਪਿਛਲੇ ਸਮੇਂ ’ਚ ਇਨ੍ਹਾਂ ਸ਼ਹਿਰਾਂ ’ਚ ਵੋਟਿੰਗ ਪ੍ਰਕਿਰਿਆ ’ਚ ਸ਼ਹਿਰੀ ਉਦਾਸੀਨਤਾ ਵਿਖਾਈ ਗਈ ਹੈ। ਕਮਿਸ਼ਨ ਵਿਸ਼ੇਸ਼ ਤੌਰ ’ਤੇ ਇਨ੍ਹਾਂ ਸ਼ਹਿਰਾਂ ਦੇ ਵੋਟਰਾਂ ਨੂੰ ਵੱਡੀ ਗਿਣਤੀ ’ਚ ਵੋਟਿੰਗ ਪ੍ਰਕਿਰਿਆ ’ਚ ਹਿੱਸਾ ਲੈ ਕੇ ਇਸ ਕਲੰਕ ਨੂੰ ਦੂਰ ਕਰਨ ਦੀ ਅਪੀਲ ਕਰਦਾ ਹੈ।’’
ਕਮਿਸ਼ਨ ਨੇ 3 ਮਈ ਨੂੰ ਇਕ ਬਿਆਨ ਜਾਰੀ ਕਰ ਕੇ ਦੂਜੇ ਪੜਾਅ ’ਚ ਵੋਟਿੰਗ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਉਹ ਕੁੱਝ ਮਹਾਨਗਰਾਂ ’ਚ ਵੋਟਿੰਗ ਤੋਂ ਬਹੁਤ ਨਿਰਾਸ਼ ਹੈ। ਚੋਣ ਕਮਿਸ਼ਨ ਨੇ ਪਿਛਲੇ ਮਹੀਨੇ ਸ਼ਹਿਰੀ ਵੋਟਿੰਗ ਉਦਾਸੀਨਤਾ ਨਾਲ ਲੜਨ ਲਈ ਰਣਨੀਤੀ ਤਿਆਰ ਕਰਨ ਲਈ ਕਈ ਮਹਾਨਗਰਾਂ ਦੇ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਸੀ।
ਵੋਟਿੰਗ ਪ੍ਰਕਿਰਿਆ ਪ੍ਰਤੀ ਸ਼ਹਿਰੀ ਅਤੇ ਨੌਜੁਆਨਾਂ ਦੀ ਉਦਾਸੀਨਤਾ ਨੂੰ ਇਕ ਵਰਤਾਰੇ ਵਜੋਂ ਦਰਸਾਇਆ ਗਿਆ ਹੈ ਜਦੋਂ ਨੌਜੁਆਨ ਵੋਟਰ ਅਤੇ ਮਹਾਨਗਰਾਂ ’ਚ ਰਹਿਣ ਵਾਲੇ ਲੋਕ ਵੋਟਿੰਗ ਵਾਲੇ ਦਿਨ ਅਪਣੇ ਪੋਲਿੰਗ ਸਟੇਸ਼ਨਾਂ ’ਤੇ ਨਹੀਂ ਆਉਂਦੇ। ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ 94,732 ਪੋਲਿੰਗ ਸਟੇਸ਼ਨਾਂ ’ਤੇ ਲਗਭਗ 9.47 ਲੱਖ ਅਧਿਕਾਰੀ ਤਾਇਨਾਤ ਕੀਤੇ ਗਏ ਹਨ। 8.95 ਕਰੋੜ ਤੋਂ ਵੱਧ ਵੋਟਰਾਂ ਵਿਚੋਂ 4.69 ਕਰੋੜ ਪੁਰਸ਼, 4.26 ਕਰੋੜ ਔਰਤਾਂ ਅਤੇ 5,409 ਤੀਜੇ ਲਿੰਗ ਨਾਲ ਸਬੰਧਤ ਹਨ।