
ਭੁਰਟਵਾਲਾ ਵਿਖੇ ਅੱਜ ਲੀਗਲ ਸਰਵਿਸ ਅਥਾਰਟੀ ਦੇ ਪੈਨਲ ਐਡਵੋਕੇਟ ਵਰਿੰਦਰ ਸਿੰਘ ਭਾਦੂ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਨੈਸ਼ਨਲ......
ਏਲਨਾਬਾਦ : ਭੁਰਟਵਾਲਾ ਵਿਖੇ ਅੱਜ ਲੀਗਲ ਸਰਵਿਸ ਅਥਾਰਟੀ ਦੇ ਪੈਨਲ ਐਡਵੋਕੇਟ ਵਰਿੰਦਰ ਸਿੰਘ ਭਾਦੂ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਪ੍ਰੋਗਰਾਮ ਅਨੁਸਾਰ ਨਸ਼ਾ ਛੱਡੋ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਅਗਾਮੀ 10 ਦਿਨ ਤੱਕ ਬਲਾਕ ਦੇ ਪਿੰਡਾਂ ਵਿੱਚ ਚਲਾਈ ਜਾਵੇਗੀ। ਇਸ ਮੌਕੇ ਲੋਕਾਂ ਨੂੰ ਸੰਬੋਧਿਨ ਕਰਦਿਆਂ ਐਡਵੋਕੇਟ ਭਾਦੂ ਨੇ ਆਖਿਆ ਕਿ ਨਸ਼ਾ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੈ। ਇਸ ਦੇ ਸੇਵਨ ਨਾਲ ਵਿਅਕਤੀ ਦਾ ਜੀਵਨ ਸਮੇਂ ਤੋਂ ਪਹਿਲਾ ਹੀ ਖਤਮ ਹੋ ਜਾਂਦਾ ਹੈ।
ਉਨ੍ਹਾਂ ਆਖਿਆ ਕਿ ਦੇਸ ਦਾ ਭਵਿੱਖ ਸਮਝੀ ਜਾਣ ਵਾਲੀ ਨੌਜਵਾਨ ਪੀੜੀ ਦਾ ਲਗਾਤਾਰ ਨਸ਼ਿਆਂ ਦੀ ਦਲਦਲ ਵਿਚ ਫਸਦੇ ਜਾਣਾ ਇੱਕ ਗੰਭੀਰ ਸਮੱਸਿਆ ਹੈ। ਨਸ਼ਾ ਅੱਜ ਵੱਡੀ ਕੌਮਾਂਤਰੀ ਸਮੱਸਿਆ ਬਣ ਚੁੱਕਾ ਹੈ ਜਿਸਤੋਂ ਸਕੂਲ ਜਾਣ ਵਾਲੇ ਬੱਚਿਆਂ ਤੋਂ ਲੈ ਕੇ ਨੌਜਵਾਨ ਅਤੇ ਬਜ਼ੁਰਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਅੱਜ ਦੇ ਨੌਜਵਾਨ ਸ਼ੌਕ ਨਾਲ ਅਤੇ ਫ਼ੈਸ਼ਨ ਸਮਝਕੇ ਡਰੱਗਸ, ਤਮਾਕੂ, ਸ਼ਰਾਬ, ਹੈਰੋਇਨ, ਗੁਟਕਾ, ਸਿਗਰਟ, ਚਰਸ, ਸਮੈਕ,ਅਫ਼ੀਮ ਅਤੇ ਮੈਡੀਕਲ ਨਸ਼ਿਆਂ ਦੀ ਸ਼ੁਰੂਆਤ ਕਰ ਰਹੇ ਹਨ ਜੋ ਬਾਅਦ ਵਿਚ ਬੁਰੀ ਤਰ੍ਹਾਂ ਨਸ਼ਿਆਂ ਦੇ ਜਾਲ ਵਿਚ ਫਸ ਜਾਂਦੇ ਹਨ।
ਉਨ੍ਹਾਂ ਆਖਿਆ ਕਿ ਕਿਸੇ ਵੀ ਪਰਵਾਰ, ਸਮਾਜ ਜਾਂ ਦੇਸ ਦਾ ਵਿਕਾਸ ਉਸ ਦੇ ਨਾਗਰਿਕਾਂ ਦੀ ਸਿਹਤ ਤੇ ਨਿਰਭਰ ਕਰਦਾ ਹੈ। ਨਸ਼ੇ ਨਾਲ ਜਿਸ ਵਿਅਕਤੀ ਦੀ ਸਿਹਤ ਖਰਾਬ ਹੋ ਜਾਵੇ ਉਸ ਵਿਅਕਤੀ ਦੇ ਪਰਵਾਰ ਦਾ ਵਿਕਾਸ ਸੰਭਵ ਨਹੀ ਹੈ। ਉਨ੍ਹਾਂ ਆਖਿਆ ਕਿ ਨਸ਼ੇ ਦੀ ਬੁਰਾਈ ਨੂੰ ਖਤਮ ਕਰਨ ਲਈ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਦਾ ਸਹਿਯੋਗ ਵੀ ਅਤਿ ਜਰੂਰੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਅੰਜ਼ਿਲ ਖੋਡ ਨੇ ਐਲਾਨ ਕੀਤਾ ਕਿ ਪੰਚਾਇਤ ਜਲਦੀ ਹੀ ਪਿੰਡ ਵਿੱਚੋਂ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਇੱਕ ਪ੍ਰਸਤਾਵ ਪਾਸ ਕਰਕੇ ਸਰਕਾਰ ਕੋਲ ਭੇਜ਼ੇਗੀ।
ਉਨ੍ਹਾਂ ਆਖਿਆ ਕਿ ਪਿੰਡ ਵਿਚ ਨਾਜਾਇਜ ਰੂਪ ਵਿਚ ਨਸ਼ਾ ਸਪਲਾਈ ਕਰਨ ਵਾਲੇ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਨਾਮ ਵੀ ਜ਼ਿਲ੍ਹਾ ਪੁਲੀਸ ਕਪਤਾਨ ਹਾਮਿਦ ਅਖ਼ਤਰ ਨੂੰ ਭੇਜ਼ੇ ਜਾਣਗੇ। ਇਸ ਮੌਕੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਅਨਿਲ ਖੋਡ ਸਹਿਤ ਪੰਚਾਇਤ ਮੈਂਬਰ ਅਤੇ ਲੋਕ ਹਾਜ਼ਰ ਸਨ।