
'ਆਜ਼ਾਦ ਪਾਕਿਸਤਾਨ' ਸ਼ਬਦ ਵੀ ਹਟਾਇਆ
NCERT Books Changes: ਐੱਨ.ਸੀ.ਈ.ਆਰ.ਟੀ. ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਵਿਚ 'ਚੀਨ ਨਾਲ ਭਾਰਤ ਦੇ ਸਬੰਧ ਅਤੇ ਸਥਿਤੀ' ਨਾਲ ਸਬੰਧਤ ਅਧਿਆਏ ਵਿਚ ਬਦਲਾਅ ਕੀਤੇ ਗਏ ਹਨ। 12ਵੀਂ ਜਮਾਤ ਵਿਚ ਸਮਕਾਲੀ ਵਿਸ਼ਵ ਰਾਜਨੀਤੀ ਦੇ ਦੂਜੇ ਅਧਿਆਏ ਵਿਚ ਭਾਰਤ-ਚੀਨ ਸਿਰਲੇਖ ਦੀ ਸਮੱਗਰੀ ਨੂੰ ਵੀ ਬਦਲਿਆ ਗਿਆ ਹੈ।
ਇਸ ਤੋਂ ਪਹਿਲਾਂ ਕਿਤਾਬ ਦੇ ਪੰਨਾ ਨੰਬਰ 25 'ਤੇ ਲਿਖਿਆ ਗਿਆ ਸੀ ਕਿ ਭਾਰਤ ਅਤੇ ਚੀਨ ਵਿਚਾਲੇ 'ਫੌਜੀ ਟਕਰਾਅ' ਨੇ ਉਮੀਦ ਖਤਮ ਕਰ ਦਿਤੀ ਹੈ। ਹੁਣ ਇਸ ਵਾਕ ਦੀ ਥਾਂ ਲਿਖਿਆ ਹੈ- 'ਭਾਰਤੀ ਸਰਹੱਦ 'ਤੇ ਚੀਨ ਦੀ ਘੁਸਪੈਠ' ਨੇ ਉਮੀਦ ਨੂੰ ਤਬਾਹ ਕਰ ਦਿਤਾ ਹੈ। ਇਸ ਵਾਕ ਤੋਂ ਫੌਜੀ ਸੰਘਰਸ਼ ਸ਼ਬਦ ਨੂੰ ਹੁਣ ਘੁਸਪੈਠ ਵਿਚ ਬਦਲ ਦਿਤਾ ਗਿਆ ਹੈ। ਇਸ ਤੋਂ ਇਲਾਵਾ 2019 'ਚ ਸੰਵਿਧਾਨ 'ਚੋਂ ਧਾਰਾ 370 ਨੂੰ ਹਟਾਉਣ ਦਾ ਵੀ ਜ਼ਿਕਰ ਹੈ।
ਪਾਲੀਟਿਕਸ ਇਨ ਇੰਡੀਆ ਸਿੰਸ ਇੰਡੀਪੈਂਡੈਂਸ ਕਿਤਾਬ ਵਿਚ ਆਜ਼ਾਦ ਪਾਕਿਸਤਾਨ ਸ਼ਬਦ ਦੀ ਥਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਸ਼ਬਦ ਨੂੰ ਵਰਤਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਕਿਤਾਬ ਦੇ ਪੰਨਾ ਨੰਬਰ 119 'ਤੇ ਲਿਖਿਆ ਗਿਆ ਸੀ ਕਿ 'ਭਾਰਤ ਦਾ ਮੰਨਣਾ ਹੈ ਕਿ ਇਸ ਖੇਤਰ 'ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। ਪਾਕਿਸਤਾਨ ਇਸ ਹਿੱਸੇ ਨੂੰ ਆਜ਼ਾਦ ਪਾਕਿਸਤਾਨ ਕਹਿੰਦਾ ਹੈ’। ਹੁਣ ਕਿਤਾਬ 'ਚ ਲਿਖਿਆ ਹੈ- 'ਇਹ ਭਾਰਤ ਦਾ ਉਹ ਹਿੱਸਾ ਹੈ ਜਿਸ 'ਤੇ ਪਾਕਿਸਤਾਨ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਇਸ ਨੂੰ POJK ਯਾਨੀ ਪਾਕਿਸਤਾਨ ਦੇ ਕਬਜ਼ੇ ਵਾਲਾ ਜੰਮੂ-ਕਸ਼ਮੀਰ ਕਿਹਾ ਜਾਂਦਾ ਹੈ।'
ਪਾਲੀਟਿਕਸ ਇਨ ਇੰਡੀਆ ਸਿੰਸ ਇੰਡੀਪੈਂਡੈਂਸ ਦੇ ਪੰਨਾ ਨੰਬਰ 132 'ਤੇ ਧਾਰਾ 370 ਨੂੰ ਹਟਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪਹਿਲਾਂ ਇਸ ਕਿਤਾਬ ਵਿਚ ਲਿਖਿਆ ਗਿਆ ਸੀ - ਜ਼ਿਆਦਾਤਰ ਰਾਜਾਂ ਕੋਲ ਬਰਾਬਰ ਸ਼ਕਤੀਆਂ ਹਨ, ਪਰ ਜੰਮੂ-ਕਸ਼ਮੀਰ ਅਤੇ ਪੂਰਬੀ ਰਾਜਾਂ ਕੋਲ ਕੁੱਝ ਵਿਸ਼ੇਸ਼ ਸ਼ਕਤੀਆਂ ਅਤੇ ਵਿਵਸਥਾਵਾਂ ਹਨ। ਹੁਣ ਕਿਤਾਬ ਵਿਚ ਦੱਸਿਆ ਗਿਆ ਹੈ ਕਿ 2019 ਵਿਚ ਰਾਸ਼ਟਰਪਤੀ ਦੁਆਰਾ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾ ਦਿਤਾ ਗਿਆ ਸੀ।
ਪਿਛਲੇ ਹਫ਼ਤੇ, ਪਾਲੀਟਿਕਸ ਇਨ ਇੰਡੀਆ ਸਿੰਸ ਇੰਡੀਪੈਂਡੈਂਸ ਵਿਚ ਕਈ ਹੋਰ ਬਦਲਾਅ ਕੀਤੇ ਗਏ ਸਨ। ਗੁਜਰਾਤ ਦੰਗਿਆਂ ਨੂੰ ਮੁਸਲਿਮ ਵਿਰੋਧੀ ਦੰਗੇ ਲਿਖਿਆ ਗਿਆ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਲਗਾਈ ਗਈ ਐਮਰਜੈਂਸੀ ਦੀਆਂ ਵਿਵਸਥਾਵਾਂ ਵਿਚ ਵੀ ਬਦਲਾਅ ਕੀਤੇ ਗਏ ਸਨ।
ਬਾਬਰੀ ਮਸਜਿਦ ਦਾ ਨਾਂ ਹਟਾ ਦਿਤਾ ਗਿਆ ਹੈ ਅਤੇ ਇਸ ਨੂੰ 3 ਗੁੰਬਦ ਵਾਲੀ ਬਣਤਰ ਭਾਵ 3 ਗੁੰਬਦਾਂ ਵਾਲੀ ਇਮਾਰਤ ਦਸਿਆ ਗਿਆ ਹੈ। ਇਸ ਦੇ ਨਾਲ ਹੀ ਅਯੁੱਧਿਆ ਵਿਵਾਦ ਨੂੰ ਆਪਸੀ ਸਦਭਾਵਨਾ ਨਾਲ ਹੱਲ ਕਰਨ ਵਾਲਾ ਮੁੱਦਾ ਕਿਹਾ ਗਿਆ ਹੈ। 'ਗੁਜਰਾਤ ਦੇ ਸੋਮਨਾਥ ਤੋਂ ਅਯੁੱਧਿਆ ਤਕ ਭਾਜਪਾ ਦੀ ਰੱਥ ਯਾਤਰਾ', 'ਕਾਰ ਸੇਵਕਾਂ ਦੀ ਭੂਮਿਕਾ', '6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਫਿਰਕੂ ਹਿੰਸਾ', 'ਭਾਜਪਾ ਸ਼ਾਸਤ ਰਾਜਾਂ ਵਿਚ ਰਾਸ਼ਟਰਪਤੀ ਰਾਜ' ਅਤੇ 'ਅਯੁੱਧਿਆ ਦੀਆਂ ਘਟਨਾਵਾਂ 'ਤੇ ਭਾਜਪਾ ਦਾ ਦੁਖ ਪ੍ਰਗਟ ਕਰਨਾ’ ਪੁਸਤਕ ਵਿਚ ਸ਼ਾਮਲ ਹੈ।
ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ.ਸੀ.ਈ.ਆਰ.ਟੀ.) ਦੇ ਡਾਇਰੈਕਟਰ ਦਿਨੇਸ਼ ਪ੍ਰਸਾਦ ਸਕਲਾਨੀ ਨੇ ਇਸ ਮੁੱਦੇ 'ਤੇ ਕਿਹਾ ਕਿ ਸਿਲੇਬਸ 'ਚ ਬਦਲਾਅ ਕਿਸੇ ਵੀ ਤਰ੍ਹਾਂ ਰਾਜਨੀਤੀ ਦਾ ਹਿੱਸਾ ਨਹੀਂ ਹੈ। ਅਸੀਂ ਦੰਗਾ ਸ਼ਬਦ ਹਟਾ ਦਿਤਾ ਕਿਉਂਕਿ ਸਾਨੂੰ ਲੱਗਦਾ ਸੀ ਕਿ ਸਕੂਲੀ ਕਿਤਾਬਾਂ ਵਿਚ ਦੰਗੇ ਨਹੀਂ ਪੜ੍ਹੇ ਜਾਣੇ ਚਾਹੀਦੇ। ਇਹ ਬਦਲਾਅ ਵਿਦਿਆਰਥੀਆਂ ਨੂੰ ਸਕਾਰਾਤਮਕ ਮਾਹੌਲ ਪ੍ਰਦਾਨ ਕਰਨ ਅਤੇ ਰਾਜਨੀਤੀ ਬਾਰੇ ਉਨ੍ਹਾਂ ਦੀ ਸਮਝ ਨੂੰ ਵਧਾਉਣ ਲਈ ਕੀਤੇ ਗਏ ਹਨ। ਇਸ ਦੇ ਨਾਲ ਹੀ ਡਾਇਰੈਕਟਰ ਸਕਲਾਨੀ ਨੇ ਕਿਹਾ-ਸ਼ਬਦ ਬਦਲੇ ਜਾ ਸਕਦੇ ਹਨ, ਸੰਵਿਧਾਨ ਜੋ ਕਹਿੰਦਾ ਹੈ, ਅਸੀਂ ਉਸ 'ਤੇ ਵਿਸ਼ਵਾਸ ਕਰਦੇ ਹਾਂ। ਜਿਵੇਂ ਅਸੀਂ ਭਾਰਤ ਸ਼ਬਦ ਦੀ ਵਰਤੋਂ ਕਰ ਸਕਦੇ ਹਾਂ ਅਤੇ ਅਸੀਂ ਇੰਡੀਆ ਸ਼ਬਦ ਦੀ ਵਰਤੋਂ ਵੀ ਕਰ ਸਕਦੇ ਹਾਂ। ਇਸ ਵਿਚ ਕੋਈ ਮੁਸ਼ਕਿਲ ਨਹੀਂ ਹੈ। ਇਹ ਇਕ ਬੇਕਾਰ ਬਹਿਸ ਹੈ।