
ਚੀਨ ਦੇ ਵਿਦੇਸ਼ ਮੰਤਰਾਲੇ ਨੇ ਪੀਐਮ ਮੋਦੀ ਅਤੇ ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਵਿਚਕਾਰ ਸੰਦੇਸ਼ਾਂ ਦੇ ਆਦਾਨ-ਪ੍ਰਦਾਨ 'ਤੇ ਇਤਰਾਜ਼ ਜਤਾਇਆ ਸੀ।
India-Taiwan relations: ਚੀਨ ਨੇ ਤਾਈਵਾਨ ਅਤੇ ਭਾਰਤ ਵਿਚਕਾਰ ਸੰਦੇਸ਼ਾਂ ਦੇ ਆਦਾਨ-ਪ੍ਰਦਾਨ ਦੀ ਆਲੋਚਨਾ ਕੀਤੀ ਹੈ। ਇਸ ਮਗਰੋਂ ਟਾਪੂ ਦੇਸ਼ ਨੇ ਹੁਣ ਚੀਨ ਉਤੇ ਪਲਟਵਾਰ ਕੀਤਾ ਹੈ। ਤਾਈਵਾਨ ਦੇ ਉਪ ਵਿਦੇਸ਼ ਮੰਤਰੀ ਤਿਏਨ ਚੁੰਗ-ਕਵਾਂਗ ਨੇ ਕਿਹਾ ਕਿ ਨਾ ਤਾਂ ਸਾਡੇ ਰਾਸ਼ਟਰਪਤੀ ਅਤੇ ਨਾ ਹੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਤੋਂ ਡਰਦੇ ਹਨ। ਦਰਅਸਲ, ਚੀਨ ਦੇ ਵਿਦੇਸ਼ ਮੰਤਰਾਲੇ ਨੇ ਪੀਐਮ ਮੋਦੀ ਅਤੇ ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਵਿਚਕਾਰ ਸੰਦੇਸ਼ਾਂ ਦੇ ਆਦਾਨ-ਪ੍ਰਦਾਨ 'ਤੇ ਇਤਰਾਜ਼ ਜਤਾਇਆ ਸੀ।
ਟਾਪੂ ਰਾਸ਼ਟਰ ਨੇ ਭਾਰਤ ਵਿਚ 2024 ਦੀਆਂ ਆਮ ਚੋਣਾਂ ਵਿਚ ਮੋਦੀ ਦੀ ਜਿੱਤ 'ਤੇ ਵਧਾਈ ਦਿਤੀ। ਤਾਈਵਾਨ ਦੇ ਉਪ ਵਿਦੇਸ਼ ਮੰਤਰੀ ਨੂੰ ਭਾਰਤ ਅਤੇ ਤਾਈਵਾਨ ਦਰਮਿਆਨ ਮਜ਼ਬੂਤ ਸਬੰਧਾਂ ਦੇ ਮੁੱਦੇ 'ਤੇ ਚੀਨ ਦੀ ਆਲੋਚਨਾ ਬਾਰੇ ਸਵਾਲ ਪੁੱਛਿਆ ਗਿਆ। ਇਸ 'ਤੇ ਉਨ੍ਹਾਂ ਕਿਹਾ, 'ਮੈਨੂੰ ਲੱਗਦਾ ਹੈ ਕਿ ਪੀਐਮ ਮੋਦੀ ਅਤੇ ਸਾਡੇ ਰਾਸ਼ਟਰਪਤੀ ਡਰਨ ਵਾਲੇ ਨਹੀਂ ਹਨ’।
ਦਰਅਸਲ ਚੀਨ ਨੇ ਭਾਰਤ ਦੇ ਸਾਹਮਣੇ ਵਿਰੋਧ ਜਤਾਉਂਦੇ ਹੋਏ ਕਿਹਾ ਸੀ ਕਿ ਨਵੀਂ ਦਿੱਲੀ ਨੂੰ ਤਾਇਵਾਨ ਦੇ ਅਧਿਕਾਰੀਆਂ ਦੀਆਂ ਸਿਆਸੀ ਹਰਕਤਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਡਰੈਗਨ ਮੁਤਾਬਕ ਤਾਈਵਾਨ ਉਸ ਦਾ ਬਾਗੀ ਅਤੇ ਅਟੁੱਟ ਸੂਬਾ ਹੈ। ਇਸ ਨੂੰ ਮੁੱਖ ਭੂਮੀ ਨਾਲ ਦੁਬਾਰਾ ਜੋੜਿਆ ਜਾਣਾ ਚਾਹੀਦਾ ਹੈ, ਭਾਵੇਂ ਜ਼ਬਰਦਸਤੀ ਹੀ ਕਿਉਂ ਨਾ ਕੀਤਾ ਜਾਵੇ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਕਿਹਾ ਸੀ, 'ਸਭ ਤੋਂ ਪਹਿਲਾਂ, ਤਾਈਵਾਨ ਖੇਤਰ ਵਿਚ ਕੋਈ ਰਾਸ਼ਟਰਪਤੀ ਨਹੀਂ ਹੈ। ਚੀਨ ਤਾਈਵਾਨੀ ਅਧਿਕਾਰੀਆਂ ਅਤੇ ਚੀਨ ਨਾਲ ਕੂਟਨੀਤਕ ਸਬੰਧ ਰੱਖਣ ਵਾਲੇ ਦੇਸ਼ਾਂ ਦਰਮਿਆਨ ਸਰਕਾਰੀ ਗੱਲਬਾਤ ਦੇ ਸਾਰੇ ਰੂਪਾਂ ਦਾ ਵਿਰੋਧ ਕਰਦਾ ਹੈ। ਦੁਨੀਆ ਵਿਚ ਸਿਰਫ਼ ਇਕ ਚੀਨ ਹੈ ਅਤੇ ਤਾਈਵਾਨ ਚੀਨ ਦੇ ਗਣਰਾਜ ਦਾ ਇਕ ਅਟੁੱਟ ਹਿੱਸਾ ਹੈ’। ਉਨ੍ਹਾਂ ਕਿਹਾ ਕਿ ਇਕ-ਚੀਨ ਸਿਧਾਂਤ ਅੰਤਰਰਾਸ਼ਟਰੀ ਸਬੰਧਾਂ ਵਿਚ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਨਿਯਮ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿਚ ਇਸ ਦੀ ਸਹਿਮਤੀ ਹੈ।
ਦਰਅਸਲ ਪੀਐਮ ਮੋਦੀ ਨੇ ਅਪਣੇ ਬਿਆਨ ਵਿਚ ਕਿਹਾ ਸੀ ਕਿ ਉਹ ਤਾਈਵਾਨ ਨਾਲ ਕਰੀਬੀ ਸਬੰਧ ਬਣਾਉਣ ਦੇ ਇੱਛੁਕ ਹਨ। ਮੋਦੀ ਨੇ ਲੋਕ ਸਭਾ ਚੋਣਾਂ 'ਚ ਜਿੱਤ 'ਤੇ ਤਾਈਵਾਨ ਦੇ ਰਾਸ਼ਟਰਪਤੀ ਦੇ ਵਧਾਈ ਸੰਦੇਸ਼ 'ਚ ਇਹ ਟਿੱਪਣੀ ਕੀਤੀ। ਮੋਦੀ ਨੂੰ ਵਧਾਈ ਦਿੰਦੇ ਹੋਏ ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਨੇ ਪੋਸਟ ਕੀਤਾ, 'ਚੋਣਾਂ 'ਚ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ। ਅਸੀਂ ਤੇਜ਼ੀ ਨਾਲ ਵਧ ਰਹੀ ਤਾਈਵਾਨ-ਭਾਰਤ ਭਾਈਵਾਲੀ ਨੂੰ ਵਪਾਰ, ਤਕਨਾਲੋਜੀ ਅਤੇ ਹੋਰ ਖੇਤਰਾਂ ਵਿਚ ਅਪਣੇ ਸਹਿਯੋਗ ਦਾ ਵਿਸਤਾਰ ਕਰਨ ਦੀ ਉਮੀਦ ਰੱਖਦੇ ਹਾਂ। ਇਹ ਇੰਡੋ-ਪੈਸੀਫਿਕ ਖੇਤਰ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਵਿਚ ਯੋਗਦਾਨ ਪਾਵੇਗਾ’।