
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਵਿਚ ਭੀੜ ਦੁਆਰਾ ਕੁੱਟ-ਕੁੱਟ ਕੇ ਹਤਿਆ ਕਰਨ ਦੇ ਮਾਮਲੇ ਮੰਦਭਾਗੇ ਹਨ............
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਵਿਚ ਭੀੜ ਦੁਆਰਾ ਕੁੱਟ-ਕੁੱਟ ਕੇ ਹਤਿਆ ਕਰਨ ਦੇ ਮਾਮਲੇ ਮੰਦਭਾਗੇ ਹਨ ਅਤੇ ਕੇਂਦਰ ਅਜਿਹੀਆਂ ਘਟਨਾਵਾਂ 'ਤੇ ਰੋਕ ਲਾਉਣ ਲਈ ਅਸਰਦਾਰ ਕਾਰਵਾਈ ਕਰ ਰਿਹਾ ਹੈ ਅਤੇ ਇਸ 'ਤੇ ਰੋਕਥਾਮ ਲਈ ਸੋਸ਼ਲ ਮੀਡੀਆ ਸੇਵਾਪ੍ਰਦਾਨਕਰਤਾਵਾਂ ਨੂੰ ਵੀ ਫ਼ਰਜ਼ੀ ਖ਼ਬਰਾਂ 'ਤੇ ਰੋਕ ਲਾਉੁਣ ਦਾ ਪ੍ਰਬੰਧ ਕਰਨ ਲਈ ਕਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਾਨੂੰਨ ਤੇ ਵਿਵਸਥਾ ਦਾ ਮਾਮਲਾ ਹੈ ਅਤੇ ਕਾਨੂੰਨ ਵਿਵਸਥਾ ਰਾਜਾਂ ਦਾ ਵਿਸ਼ਾ ਹੈ। ਉਧਰ, ਕਾਂਗਰਸ ਮੈਂਬਰਾਂ ਨੇ ਗ੍ਰਹਿ ਮੰਤਰੀ ਦੇ ਇਸ ਬਿਆਨ ਕਾਰਨ ਸਦਨ ਲੋਕ ਸਭਾ ਵਿਚੋਂ ਵਾਕਆਊਟ ਕਰ ਦਿਤਾ।
ਲੋਕ ਸਭਾ ਵਿਚ ਸਿਫ਼ਰ ਕਾਲ ਦੌਰਾਨ ਕਾਂਗਰਸ ਦੇ ਕੇ ਸੀ ਵੇਣੂਗੋਪਾਲ ਨੇ ਇਹ ਮਾਮਲਾ ਚੁਕਿਆ ਤਾਂ ਰਾਜਨਾਥ ਸਿੰਘ ਨੇ ਇਹ ਗੱਲਾਂ ਕਹੀਆਂ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਕੋਸ਼ਿਸ਼ ਜਾਰੀ ਹੈ ਪਰ ਹਿੰਸਾ ਨੂੰ ਰੋਕਣਾ ਰਾਜ ਦੀ ਜ਼ਿੰਮੇਵਾਰੀ ਹੁੰਦੀ ਹੈ। ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿਤਾ ਹੈ। ਫ਼ਰਜ਼ੀ ਖ਼ਬਰਾਂ 'ਤੇ ਰੋਕ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੀਡੀਪੀ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਮਾਮਲੇ ਵਿਚ ਸਾਰੇ ਸੰਸਦ ਮੈਂਬਰਾਂ ਨੂੰ ਚਿੱਠੀ ਲਿਖੀ ਹੈ।
ਉਧਰ, ਕਾਂਗਰਸ ਨੇ ਇਨ੍ਹਾਂ ਘਟਨਾਵਾਂ ਦੇ ਮਾਮਲੇ ਵਿਚ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਜਵਾਬਦੇਹੀ ਬਣਦੀ ਹੈ। ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਸੰਸਦ ਭਵਨ ਵਿਚ ਪੱਤਰਕਾਰਾਂ ਨੂੰ ਕਿਹਾ, 'ਗ੍ਰਹਿ ਮੰਤਰੀ ਨੇ ਲੋਕ ਸਭਾ ਵਿਚ ਕਿਹਾ ਕਿ ਕਾਨੂੰਨ ਵਿਵਸਥਾ ਰਾਜਾਂ ਦਾ ਵਿਸ਼ਾ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਘਟਨਾਵਾਂ ਜ਼ਿਆਦਾਤਰ ਭਾਜਪਾ ਸ਼ਾਸਤ ਰਾਜਾਂ ਵਿਚ ਵਾਪਰੀਆਂ ਹਨ।' ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ। (ਏਜੰਸੀ)