
ਬੈਂਗਲੁਰੂ ਜਾ ਰਹੇ ਇੰਡੀਗੋ ਦੇ ਜ਼ਹਾਜ਼ ‘ਚ ਇਕ ਏਅਰਹੋਸਟੇਸ ਨਾਲ ਕਥਿਤ ਤੌਰ ‘ਤੇ ਛੇੜਛਾੜ ਦੇ ਮਾਮਲੇ ਵਿਚ ਇਕ.........
ਬੈਂਗਲੁਰੂ (ਭਾਸ਼ਾ) : ਬੈਂਗਲੁਰੂ ਜਾ ਰਹੇ ਇੰਡੀਗੋ ਦੇ ਜ਼ਹਾਜ਼ ‘ਚ ਇਕ ਏਅਰਹੋਸਟੇਸ ਨਾਲ ਕਥਿਤ ਤੌਰ ‘ਤੇ ਛੇੜਛਾੜ ਦੇ ਮਾਮਲੇ ਵਿਚ ਇਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਹਵਾਈ ਅੱਡੇ ਤੋਂ ਜ਼ਹਾਜ਼ ਦੇ ਰਵਾਨਾ ਹੋਣ ਤੋਂ ਪਹਿਲਾਂ ਇਕ ਯਾਤਰੀ ਵਿਅਕਤੀ ਨੇ ਏਅਰਹੋਸਟੇਸ ਨਾਲ ਛੇੜ-ਛਾੜ ਕੀਤੀ। ਅਧਿਕਾਰੀ ਨੇ ਦੱਸਿਆ ਕਿ ਬੈਂਗਲੁਰੂ ਦੇ ਰਹਿਣ ਵਾਲੇ ਰਾਜੂ ਗੰਗਪਾ ਨੇ 20 ਸਾਲਾ ਏਅਰਹੋਸਟੇਸ ਜਦੋਂ ਉਸ ਦੇ ਕੋਲੋਂ ਲੰਘ ਰਹੀ ਸੀ ਤਾਂ ਉਸ ਨੇ ਏਅਰਹੋਸਟੇਸ ਦੇ ਸਰੀਰ ਨਾਲ ਛੇੜਛਾੜ ਕੀਤੀ। ਏਅਰਹੋਸਟੇਸ ਨੇ ਜਦੋਂ ਉਸ ਨੂੰ ਡਾਂਟਿਆ ਤਾਂ ਉਸ ਵਿਅਕਤੀ ਨੇ ਉਸ ਨੂੰ ਗਾਲਾਂ ਕੱਢੀਆਂ।
Airhostess
ਏਅਰਹੋਸਟੇਸ ਨੇ ਅਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਦੱਸਿਆ। ਜਿਸ ਤੋਂ ਬਾਅਦ ਵਿਅਕਤੀ ਨੂੰ ਉਸ ਦੇ ਸਾਮਾਨ ਨਾਲ ਜ਼ਹਾਜ਼ ਤੋਂ ਉਤਾਰ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸੀਆਈਐਸਐਫ਼ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਅਤੇ ਬਾਅਦ ਵਿਚ ਹਵਾਈ ਅੱਡਾ ਪੁਲਿਸ ਨੇ ਉਸ ਨੂੰ ਅਪਣੀ ਹਿਰਾਸਤ ‘ਚ ਲੈ ਲਿਆ। ਉਹਨਾਂ ਨੇ ਕਿਹਾ ਕਿ ਗੰਗਪਾ ‘ਤੇ ਧਾਰਾ 354 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਬੁੱਧਵਾਰ ਨੂੰ ਮੁੰਬਈ ਦੀ ਇਕ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਸ ਨੇ ਉਸ ਨੂੰ ਇਕ ਦਿਨ ਦੀ ਪੁਲਿਸ ਹਿਰਾਸਤ ‘ਚ ਭੇਜ ਦਿਤਾ।
Airhostess
ਉਸ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ। ਇਸ ਮੁੱਦੇ ‘ਤੇ ਇੰਡੀਗੋ ਨੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਫਲਾਈਟ ਵਿਚ ਛੇੜਛਾੜ ਦੀ ਖ਼ਬਰ ਪਹਿਲਾ ਵੀ ਸਾਹਮਣੇ ਆਈ ਸੀ। ਇਸ ਤੋਂ ਪਹਿਲਾਂ ਅਭਿਨੇਤਰੀ ਜਾਇਰਾ ਵਸੀਮ ਦੇ ਨਾਲ ਵੀ ਇਕ ਵਿਅਕਤੀ ਵੱਲੋਂ ਛੇੜਛਾੜ ਦੀ ਖ਼ਬਰ ਸਾਹਮਣੇ ਆਈ ਸੀ।