
ਸੁਪਰੀਮ ਕੋਰਟ ਨੇ ਪੁੱਛਿਆ ਕਿ ਕੀ ਵਿਆਹ ਲਈ ਵੱਖ-ਵੱਖ ਲਿੰਗ ਦੇ ਸਾਥੀਆਂ ਦਾ ਹੋਣਾ ਜ਼ਰੂਰੀ ਹੈ?
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਕਰਨ ਵਾਲੀਆਂ 20 ਪਟੀਸ਼ਨਾਂ 'ਤੇ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਸੁਣਵਾਈ ਕੀਤੀ। ਲਗਭਗ 4 ਘੰਟੇ ਤੱਕ ਪਟੀਸ਼ਨਰਾਂ ਦੀਆਂ ਦਲੀਲਾਂ ਦੇ ਵਿਚਕਾਰ ਸੁਪਰੀਮ ਕੋਰਟ ਨੇ ਪੁੱਛਿਆ ਕਿ ਕੀ ਵਿਆਹ ਲਈ ਵੱਖ-ਵੱਖ ਲਿੰਗ ਦੇ ਸਾਥੀਆਂ ਦਾ ਹੋਣਾ ਜ਼ਰੂਰੀ ਹੈ?
ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਸਮਲਿੰਗੀ ਵਿਆਹ 'ਤੇ ਕੇਂਦਰ ਦੀ ਨੁਮਾਇੰਦਗੀ ਕਰ ਰਹੇ ਹਨ। ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਅਤੇ ਮੁਕੁਲ ਰੋਹਤਗੀ ਸਮਲਿੰਗੀ ਵਿਆਹ ਦੇ ਹੱਕ ਵਿਚ ਪਟੀਸ਼ਨਾਂ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਐਸ ਕੇ ਕੌਲ, ਜਸਟਿਸ ਐਸ ਰਵਿੰਦਰ ਭੱਟ, ਜਸਟਿਸ ਪੀਐਸ ਨਰਸਿਮਹਾ ਅਤੇ ਜਸਟਿਸ ਹਿਮਾ ਕੋਹਲੀ ਦੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਅਪੀਲ ਖਾਰਜ ਹੋਣ ’ਤੇ ਬੋਲੇ ਮਹਿਬੂਬਾ ਮੁਫ਼ਤੀ, “ਭਾਰਤੀ ਲੋਕਤੰਤਰ ਲਈ ਕਾਲਾ ਦਿਨ”
ਸੁਣਵਾਈ ਦੌਰਾਨ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅਹਿਮ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮਲਿੰਗੀ ਰਿਸ਼ਤਾ ਇਕ ਵਾਰ ਦਾ ਰਿਸ਼ਤਾ ਨਹੀਂ ਹੈ, ਹੁਣ ਇਹ ਰਿਸ਼ਤੇ ਹਮੇਸ਼ਾ ਲਈ ਰਹਿਣ ਵਾਲੇ ਹਨ। ਇਹ ਸਿਰਫ਼ ਸਰੀਰਕ ਹੀ ਨਹੀਂ ਸਗੋਂ ਇਕ ਭਾਵਨਾਤਮਕ ਮਿਲਨ ਹੈ। ਅਜਿਹੇ 'ਚ ਸਮਲਿੰਗੀ ਵਿਆਹ ਲਈ 69 ਸਾਲ ਪੁਰਾਣੇ ਸਪੈਸ਼ਲ ਮੈਰਿਜ ਐਕਟ ਦਾ ਦਾਇਰਾ ਵਧਾਉਣਾ ਗਲਤ ਨਹੀਂ ਹੈ। ਸੀਜੇਆਈ ਨੇ ਟ੍ਰੋਲ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਜੱਜਾਂ ਨੂੰ ਅੱਜ ਕੱਲ ਸੋਸ਼ਲ ਮੀਡੀਆ ਉੱਤੇ ਟਰੋਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਵਿਚ ਬੱਚੇ ਨੂੰ ਘਰੇਲੂ ਹਿੰਸਾ ਦਾ ਸਾਮਹਣਾ ਕਰਨਾ ਪਵੇ ਤਾਂ ਕੀ ਹੋਵੇਗਾ? ਜੇਕਰ ਕੋਈ ਪਤੀ ਸ਼ਰਾਬ ਪੀ ਕੇ ਘਰ ਆਏ ਅਤੇ ਪੈਸਿਆਂ ਲਈ ਪਤਨੀ ਨਾਲ ਝਗੜਾ ਕਰੇ ਤਾਂ ਕੀ ਹੋਵੇਗਾ।
ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਨੇ ਮੁਲਾਜ਼ਮਾਂ ਦੇ ਡੀਏ ਵਿਚ 4 ਫ਼ੀ ਸਦੀ ਕੀਤਾ ਵਾਧਾ
ਸੀਜੇਆਈ ਚੰਦਰਚੂੜ ਨੇ ਕਿਹਾ, "ਸਮਾਜ ਅਤੇ ਕਾਨੂੰਨ 69 ਸਾਲਾਂ ਵਿਚ ਵਿਕਸਿਤ ਹੋਏ ਹਨ। ਸਪੈਸ਼ਲ ਮੈਰਿਜ ਐਕਟ ਸਿਰਫ ਢਾਂਚਾ ਪ੍ਰਦਾਨ ਕਰਦਾ ਹੈ। ਇਸ ਵਿਚ ਨਵੇਂ ਸੰਕਲਪਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਅਸੀਂ ਮੂਲ ਵਿਆਖਿਆ ਨਾਲ ਬੰਨ੍ਹੇ ਨਹੀਂ ਹਾਂ। ਇਸ ਦਾ ਵਿਸਥਾਰ ਕੀਤਾ ਜਾ ਸਕਦਾ ਹੈ। ਸਾਡੇ ਕਾਨੂੰਨ ਨੇ ਅਸਲ ਵਿਚ ਸਮਲਿੰਗੀ ਸਬੰਧਾਂ ਨੂੰ ਵਿਕਸਿਤ ਕੀਤਾ ਹੈ। ਸਮਲਿੰਗੀਆਂ ਨੂੰ ਸ਼ਾਮਲ ਕਰਨ ਲਈ ਕਾਨੂੰਨ ਵਿਚ ਸੋਧ ਕੀਤੀ ਜਾ ਸਕਦੀ ਹੈ। ਅਸੀਂ ਕੋਈ ਕਾਨੂੰਨ ਨਹੀਂ ਪੜ੍ਹ ਰਹੇ ਹਾਂ। ਅਸੀਂ ਸਿਰਫ਼ ਸੰਵਿਧਾਨਕ ਗਾਰੰਟੀ ਦੇ ਰੂਪ ਵਿਚ ਕਾਨੂੰਨ ਦਾ ਵਿਸਤਾਰ ਕਰ ਰਹੇ ਹਾਂ। ਅਸੀਂ ਕਿਸੇ ਕਾਨੂੰਨ ਦੀ ਮੂਲ ਵਿਆਖਿਆ ਨਾਲ ਬੰਨ੍ਹੇ ਨਹੀਂ ਹਾਂ”।
ਇਹ ਵੀ ਪੜ੍ਹੋ: ਗਾਇਕ ਅਤੇ ਰੈਪਰ ਹਨੀ ਸਿੰਘ ਤੇ ਟੀਮ ਵਿਰੁਧ ਮੁੰਬਈ ਪੁਲਿਸ ਨੇ ਦਰਜ ਕੀਤੀ ਸ਼ਿਕਾਇਤ
ਸੁਣਵਾਈ ਦੌਰਾਨ ਸੀਜੇਆਈ ਨੇ ਕਿਹਾ, "ਸਵਾਲ ਇਹ ਹੈ ਕਿ ਕੀ ਇਕ ਆਦਮੀ ਅਤੇ ਇਕ ਔਰਤ ਦਾ ਰਿਸ਼ਤਾ ਇੰਨਾ ਬੁਨਿਆਦੀ ਹੈ ਕਿ ਅਸੀਂ ਸਮਾਨ ਲਿੰਗ ਦੇ ਰਿਸ਼ਤੇ ਨੂੰ ਸ਼ਾਮਲ ਨਹੀਂ ਕਰ ਸਕਦੇ? ਜਦੋਂ ਸਮਲਿੰਗੀ ਸਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕੀਤਾ ਗਿਆ, ਤਾਂ ਤੁਹਾਨੂੰ ਇਹ ਵੀ ਅਹਿਸਾਸ ਹੁੰਦਾ ਹੈ ਕਿ ਇਹ ਇਕ ਵਾਰ ਦੇ ਰਿਸ਼ਤੇ ਨਹੀਂ ਹਨ, ਇਹ ਸਥਾਈ ਰਿਸ਼ਤੇ ਵੀ ਹਨ। ਇਹ ਨਾ ਸਿਰਫ਼ ਸਰੀਰਕ ਤੌਰ ’ਤੇ ਸਗੋਂ ਭਾਵਨਾਵਾਂ ਪੱਖੋਂ ਵੀ ਜੁੜੇ ਹੋਏ ਹਨ”। ਅੱਜ ਦੀ ਸੁਣਵਾਈ ਨੂੰ ਖ਼ਤਮ ਕਰਦੇ ਹੋਏ ਸੀਜੇਆਈ ਨੇ ਕਿਹਾ ਕਿ ਸੋਮਵਾਰ ਨੂੰ ਕਿਸੇ ਵੀ ਮਾਮਲੇ ਵਿਚ ਪਟੀਸ਼ਨਰਾਂ ਵਲੋਂ ਬਹਿਸ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਵਕੀਲਾਂ ਨੂੰ ਸਮੇਂ ਦੀ ਵੰਡ ਬਾਰੇ ਆਪਸ ਵਿਚ ਚਰਚਾ ਕਰਨ ਲਈ ਕਿਹਾ।