
ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਪੀ.ਡੀ.ਪੀ. ਤੋਂ ਹਮਾਇਤ ਵਾਪਸ ਲੈ ਲੈਣ ਮਗਰੋਂ ਅੱਜ ਜੰਮੂ-ਕਸ਼ਮੀਰ 'ਚ ਤਿੰਨ ਸਾਲ ਪੁਰਾਣੀ.....
ਨਵੀਂ ਦਿੱਲੀ/ਸ੍ਰੀਨਗਰ : ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਪੀ.ਡੀ.ਪੀ. ਤੋਂ ਹਮਾਇਤ ਵਾਪਸ ਲੈ ਲੈਣ ਮਗਰੋਂ ਅੱਜ ਜੰਮੂ-ਕਸ਼ਮੀਰ 'ਚ ਤਿੰਨ ਸਾਲ ਪੁਰਾਣੀ ਮਹਿਬੂਬਾ ਮੁਫ਼ਤੀ ਸਰਕਾਰ ਡਿੱਗ ਗਈ। ਸਰਕਾਰ ਡਿੱਗਣ ਤੋਂ ਬਾਅਦ ਸੂਬੇ 'ਚ ਇਕ ਵਾਰੀ ਫਿਰ ਰਾਜਪਾਲ ਰਾਜ ਲਾਗੂ ਹੋਣਾ ਤੈਅ ਹੈ। ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਦੇ ਹੈਰਾਨ ਕਰਨ ਵਾਲੇ ਇਸ ਐਲਾਨ ਤੋਂ ਪਹਿਲਾਂ ਪਾਰਟੀ ਹਾਈਕਮਾਂਡ ਨੇ ਜੰਮੂ-ਕਸ਼ਮੀਰ 'ਚ ਅਪਣੇ ਮੰਤਰੀਆਂ ਨੂੰ ਹੰਗਾਮੀ ਵਿਚਾਰ-ਵਟਾਂਦਰੇ ਲਈ ਨਵੀਂ ਦਿੱਲੀ ਸਦਿਆ ਸੀ।
ਸ੍ਰੀਨਗਰ ਅਤੇ ਨਵੀਂ ਦਿੱਲੀ 'ਚ ਵਧੀ ਹਲਚਲ ਦਰਮਿਆਨ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕੁੱਝ ਹੀ ਘੰਟੇ ਬਾਅਦ ਰਾਜਪਾਲ ਐਨ.ਐਨ. ਵੋਹਰਾ ਨੂੰ ਅਪਣਾ ਅਸਤੀਫ਼ਾ ਸੌਂਪ ਦਿਤਾ। ਮਾਧਵ ਨੇ ਜਲਦਬਾਜ਼ੀ 'ਚ ਸੱਦੀ ਪ੍ਰੈੱਸ ਕਾਨਫ਼ਰੰਸ 'ਚ ਪੱਤਰਕਾਰਾਂ ਨੂੰ ਦਸਿਆ, ''ਸੂਬੇ ਦੀ ਗਠਜੋੜ ਸਰਕਾਰ 'ਚ ਬਣੇ ਰਹਿਣਾ ਭਾਜਪਾ ਲਈ ਮੁਸ਼ਕਲ ਹੋ ਗਿਆ ਸੀ।''
ਸ੍ਰੀਨਗਰ 'ਚ ਅਪਣੀ ਪ੍ਰਤੀਕਿਰਿਆ ਦਿੰਦਿਆਂ ਮਹਿਬੂਬਾ ਨੇ ਕਿਹਾ ਸੀ ਕਿ ਪੀ.ਡੀ.ਪੀ. ਨੇ ਹਮੇਸ਼ਾ ਕਿਹਾ ਹੈ ਕਿ ਸੂਬੇ 'ਚ ਬਲ ਪ੍ਰਯੋਗ ਵਾਲੀ ਸੁਰੱਖਿਆ ਨੀਤੀ ਨਹੀਂ ਚਲੇਗੀ ਅਤੇ ਮੇਲ-ਮਿਲਾਪ ਨੂੰ ਹੀ ਅਹਿਮੀਅਤ ਦੇਣੀ ਹੋਵੇਗੀ। ਮੁੱਖ ਮੰਤਰੀ ਵਜੋਂ ਅਪਣਾ ਅਸਤੀਫ਼ਾ ਸੌਂਪਣ ਤੋਂ ਬਾਅਦ ਪੀ.ਡੀ.ਪੀ. ਆਗੂ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ 'ਚ ਗੱਲਬਾਤ ਅਤੇ ਮੇਲ-ਮਿਲਾਪ ਦੀ ਕੋਸ਼ਿਸ਼ ਜਾਰੀ ਰਖਣਗੇ। ਜਦਕਿ ਸੂਬਾ ਵਿਧਾਨ ਸਭਾ 'ਚ ਤੀਜੀ ਸੱਭ ਤੋਂ ਵੱਡੀ ਪਾਰਟੀ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਨੇ
ਇਸ ਪੂਰੇ ਘਟਨਾਕ੍ਰਮ 'ਤੇ ਇਕ ਸੱਤਰ 'ਚ ਅਪਣੀ ਗੱਲ ਕਹੀ, ''ਪੈਰਾਂ ਹੇਠੋਂ ਗਲੀਚਾ ਖਿੱਚ ਲਏ ਜਾਣ ਦੀ ਬਜਾਏ ਕਾਸ਼ ਮਹਿਬੂਬਾ ਮੁਫ਼ਤੀ ਨੇ ਖ਼ੁਦ ਹੀ ਅਸਤੀਫ਼ਾ ਦੇ ਦਿਤਾ ਹੁੰਦਾ।'' ਉਮਰ ਅਬਦੁੱਲਾ ਅਤੇ ਕਾਂਗਰਸ ਨੇ ਕਿਹਾ ਹੈ ਕਿ ਉਹ ਸੂਬੇ 'ਚ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਨਾਲ ਗਠਜੋੜ ਨਹੀਂ ਕਰਨਗੇ। ਭਾਜਪਾ ਨੇ ਕਿਹਾ ਕਿ ਉਹ ਰਾਜਪਾਲ ਸ਼ਾਸਨ ਲਾਗੂ ਕਰਨ ਦੇ ਹੱਕ 'ਚ ਹਨ।
ਮਾਧਵ ਦੀ ਪ੍ਰੈੱਸ ਕਾਨਫ਼ਰੰਸ ਤੋਂ ਤੁਰਤ ਬਾਅਦ ਪੀ.ਡੀ.ਪੀ. ਦੇ ਸੀਨੀਅਰ ਮੰਤਰੀ ਅਤੇ ਪਾਰਟੀ ਦੇ ਮੁੱਖ ਬੁਲਾਰੇ ਨਈਮ ਅਖ਼ਤਰ ਨੇ ਸ੍ਰੀਨਗਰ 'ਚ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਦੇ ਫ਼ੈਸਲੇ ਤੋਂ ਉਨ੍ਹਾਂ ਦੀ ਪਾਰਟੀ ਹੈਰਾਨ ਹੈ। ਦਸੰਬਰ, 2014 'ਚ ਜੰਮੂ-ਕਸ਼ਮੀਰ ਦੀ 87 ਮੈਂਬਰੀ ਵਿਧਾਨ ਸਭਾ ਲਈ ਹੋਈਆਂ ਚੋਣਾਂ 'ਚ ਭਾਜਪਾ ਨੂੰ 25, ਪੀ.ਡੀ.ਪੀ. ਨੂੰ 28, ਨੈਸ਼ਨਲ ਕਾਨਫ਼ਰੰਸ ਨੂੰ 15, ਕਾਂਗਰਸ ਨੂੰ 12 ਅਤੇ ਹੋਰਾਂ ਨੂੰ ਸੱਤ ਸੀਟਾਂ ਮਿਲੀਆਂ ਸਨ। ਇਨ੍ਹਾਂ ਚੋਣਾਂ ਤੋਂ ਦੋ ਮਹੀਨੇ ਬਾਅਦ ਪੀ.ਡੀ.ਪੀ. ਅਤੇ ਭਾਜਪਾ ਨੇ ਸੂਬੇ 'ਚ ਗਠਜੋੜ ਸਰਕਾਰ ਬਣਾ ਲਈ ਸੀ।
ਭਾਜਪਾ ਅਤੇ ਪੀ.ਡੀ.ਪੀ. ਨੇ ਇਕ-ਦੂਜੇ ਵਿਰੁਧ ਡੱਟ ਕੇ ਚੋਣ ਪ੍ਰਚਾਰ ਕੀਤਾ ਸੀ ਪਰ ਬਾਅਦ 'ਚ 'ਗਠਜੋੜ ਦਾ ਏਜੰਡਾ' ਤਿਆਰ ਕਰ ਕੇ ਇਸ ਉਮੀਦ 'ਚ ਸਰਕਾਰ ਬਣਾਈ ਗਈ ਕਿ ਸੂਬੇ ਨੂੰ ਹਿੰਸਾ ਤੋਂ ਬਾਹਰ ਲਿਆਉਣ 'ਚ ਮਦਦ ਮਿਲੇਗੀ। ਪਰ ਸ਼ਾਸਨ 'ਤੇ ਇਸ ਗਠਜੋੜ ਦੀ ਪਕੜ ਕਦੀ ਨਹੀਂ ਹੋ ਸਕੀ ਅਤੇ ਦੋਵੇਂ ਪਾਰਟੀਆਂ ਜ਼ਿਆਦਾਤਰ ਮੁੱਦਿਆਂ 'ਤੇ ਅਸਹਿਮਤ ਰਹੀਆਂ। ਇਸ ਦੌਰਾਨ ਸੂਬੇ 'ਚ ਸੁਰੱਖਿਆ ਦੇ ਹਾਲਾਤ ਵਿਗੜਦੇ ਰਹੇ।
ਸੂਬੇ ਅੰਦਰ ਜੇਕਰ ਰਾਜਪਾਲ ਰਾਜ ਲਗਿਆ ਤਾਂ ਇਹ 2008 ਤੋਂ ਬਾਅਦ ਚੌਥਾ ਅਤੇ 1977 ਤੋਂ ਬਾਅਦ ਅੱਠਵਾਂ ਮੌਕਾ ਹੋਵੇਗਾ ਜਦੋਂ ਸੂਬੇ ਅੰਦਰ ਰਾਜਪਾਲ ਰਾਜ ਲਾਗੂ ਕੀਤਾ ਜਾਵੇਗਾ। ਰਾਜਪਾਲ ਐਨ.ਐਨ. ਵੋਹਰਾ ਨੇ ਮਹਿਬੂਬਾ ਮੁਫ਼ਤੀ ਨੂੰ ਅਗਲੀ ਵਿਵਸਥਾ ਹੋਣ ਤਕ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਮਹਿਬੂਬਾ, ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ, ਨੈਸ਼ਨਲ ਕਾਨਫ਼ਰੰਸ ਦੇ ਉਮਰ ਅਬਦੁੱਲਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਜੀ.ਏ.ਮੀਰ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਰਾਜਪਾਲ ਰਾਜ ਦੀ ਸਿਫ਼ਾਰਸ਼ ਵਾਲੀ ਰੀਪੋਰਟ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭੇਜ ਦਿਤੀ ਹੈ। (ਪੀਟੀਆਈ)