
ਸੂਬੇ ਦੇ ਸਰਕਾਰੀ ਸਕੂਲ ਦੀ ਹਾਲਤ ਨੂੰ ਲੈ ਕੇ ਦਿੱਲੀ ਦੇ ਸਿੱਖਿਆ ਮੰਤਰੀ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਹੈ।
ਨਵੀਂ ਦਿੱਲੀ: ਭਾਜਪਾ ਸ਼ਾਸਤ ਉੱਤਰ ਪ੍ਰਦੇਸ਼ ਦੇ ਇਕ ਸਰਕਾਰੀ ਸਕੂਲ ਦੀ ਹੈਰਾਨੀਜਨਕ ਤਸਵੀਰ ਦੇਖਣ ਨੂੰ ਮਿਲੀ ਹੈ। ਦਰਅਸਲ ਇਸ ਸਕੂਲ ਵਿਚ ਇਕ ਕਮਰੇ ’ਚ 5 ਕਲਾਸਾਂ ਦੇ ਵਿਦਿਆਰਥੀ ਇਕੱਠੇ ਪੜ੍ਹਨ ਲਈ ਮਜਬੂਰ ਹਨ। ਇਹ ਸਕੂਲ ਅਲੀਗੜ੍ਹ ਦੇ ਕੰਨਿਆ ਪ੍ਰਾਇਮਰੀ ਸਕੂਲ ਦੇ ਅੰਦਰ ਦੇਖਣ ਨੂੰ ਮਿਲਿਆ ਹੈ, ਇੱਥੇ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਦੇ ਸਾਰੇ ਵਿਦਿਆਰਥੀ ਇਕੱਠੇ ਪੜ੍ਹਾਈ ਕਰ ਰਹੇ ਹਨ। ਸੂਬੇ ਦੇ ਸਰਕਾਰੀ ਸਕੂਲ ਦੀ ਹਾਲਤ ਨੂੰ ਲੈ ਕੇ ਦਿੱਲੀ ਦੇ ਸਿੱਖਿਆ ਮੰਤਰੀ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਹੈ।
ਮਨੀਸ਼ ਸਿਸੋਦੀਆ ਨੇ ਕਿਹਾ, “ਇਹ ਹੈ ਭਾਜਪਾ ਦਾ ਸਿੱਖਿਆ ਮਾਡਲ, ਜਿੱਥੇ ਸਕੂਲ ਦੇ ਇਕ ਹੀ ਕਮਰੇ ਵਿਚ 5-5 ਕਲਾਸਾਂ ਦੇ ਬੱਚੇ ਇਕੱਠੇ ਪੜ੍ਹਨ ਲਈ ਮਜਬੂਰ ਹਨ। ਨਾ ਬੱਚੇ ਪੜ੍ਹ ਸਕਦੇ ਹਨ ਨਾ ਅਧਿਆਪਕ ਪੜ੍ਹਾ ਸਕਦੇ ਹਨ। ਅਜਿਹੀ ਸਿੱਖਿਆ ਪ੍ਰਣਾਲੀ ਸਿਰਫ਼ ਬੱਚਿਆਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕ ਸਕਦੀ ਹੈ”।
ਸਕੂਲ ਦੇ ਵਿਦਿਆਰਥੀਆਂ ਨੇ ਵੀ ਦੱਸਿਆ ਕਿ ਉਹਨਾਂ ਨੂੰ ਪੜ੍ਹਾਈ ਸਮੇਂ ਬਹੁਤ ਪਰੇਸ਼ਾਨੀ ਹੁੰਦੀ ਹੈ।
ਜਦੋਂ ਇਸ ਸਬੰਧੀ ਸਿੱਖਿਆ ਅਧਿਕਾਰੀ ਸਤਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਕੂਲ ਵਿਚ ਕਮਰੇ ਬਹੁਤ ਘੱਟ ਹਨ। ਸਾਨੂੰ ਸਰਕਾਰੀ ਜ਼ਮੀਨ ਨਹੀਂ ਮਿਲ ਰਹੀ। ਇਸ ਕਰਕੇ ਸ਼ਹਿਰ ਦੇ ਇਲਾਕੇ ਵਿਚ ਸਕੂਲ ਬਣਾਉਣ ਵਿਚ ਦਿੱਕਤ ਆ ਰਹੀ ਹੈ। ਉਹਨਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ। ਬੱਚਿਆਂ ਦੀ ਪੜ੍ਹਾਈ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਅਸੀਂ ਅਧਿਆਪਕਾਂ ਦੀ ਘਾਟ ਨੂੰ ਵੀ ਪੂਰਾ ਕਰਾਂਗੇ। ਇਹ ਮਾਮਲਾ ਵਿਚਾਰ ਅਧੀਨ ਹੈ।