
ਚੌਕਸੀ ਨੇ ਹਾਈ ਕਮਿਸ਼ਨ ਨੂੰ ਦੱਸਿਆ ਕਿ ਉਸ ਨੇ ਨਿਯਮਾਂ ਅਧੀਨ ਐਂਟੀਗੁਆ ਦੀ ਨਾਗਰਿਕਤਾ ਲੈ ਲਈ ਹੈ ਅਤੇ ਭਾਰਤ ਦੀ ਨਾਗਰਿਕਤਾ ਛੱਡ ਦਿਤੀ ਹੈ।
ਨਵੀਂ ਦਿੱਲੀ : ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਘਪਲੇ ਦੇ ਦੋਸ਼ੀ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੇ ਹੁਣ ਭਾਰਤ ਦੀ ਨਾਗਰਿਕਤਾ ਵੀ ਛੱਡ ਦਿਤੀ ਹੈ। ਚੌਕਸੀ ਨੇ ਅਪਣਾ ਪਾਸਪੋਰਟ ਸਪੁਰਦ ਕਰ ਦਿਤਾ ਹੈ। ਚੌਕਸੀ ਨੇ ਐਂਟੀਗੁਆ ਹਾਈ ਕਮਿਸ਼ਨ ਵਿਖੇ ਅਪਣਾ ਪਾਸਪੋਰਟ ਜਮ੍ਹਾਂ ਕਰਵਾ ਦਿਤਾ ਹੈ। ਜ਼ਿਕਰਯੋਗ ਹੈ ਕਿ ਮੇਹੁਲ ਚੌਕਸੀ ਪੰਜਾਬ ਨੈਸ਼ਨਲ ਬੈਂਕ ਵਿਚ 14 ਹਜ਼ਾਰ ਕਰੋੜ ਰੁਪਏ ਦੇ ਘਪਲੇ ਦਾ ਦੋਸ਼ੀ ਹੈ।
PNB Scam
ਘਪਲਾ ਸਾਹਮਣੇ ਆਉਣ ਤੋਂ ਪਹਿਲਾਂ ਉਹ ਜਨਵਰੀ ਵਿਚ ਦੇਸ਼ ਛੱਡ ਕੇ ਚਲਾ ਗਿਆ ਸੀ। ਇਸੇ ਮਾਮਲੇ ਵਿਚ ਉਸ ਦਾ ਭਾਣਜਾ ਨੀਰਵ ਮੋਦੀ ਵੀ ਦੋਸ਼ੀ ਹੈ। ਨਾਗਰਿਕਤਾ ਛੱਡਣ ਲਈ ਚੌਕਸੀ ਨੂੰ 177 ਯੂਐਸ ਡਾਲਰ ਦਾ ਡਰਾਫਟ ਜਮ੍ਹਾਂ ਕਰਾਉਣਾ ਪਿਆ। ਚੌਕਸੀ ਨੇ ਹਾਈ ਕਮਿਸ਼ਨ ਨੂੰ ਦੱਸਿਆ ਕਿ ਉਸ ਨੇ ਨਿਯਮਾਂ ਅਧੀਨ ਐਂਟੀਗੁਆ ਦੀ ਨਾਗਰਿਕਤਾ ਲੈ ਲਈ ਹੈ ਅਤੇ ਭਾਰਤ ਦੀ ਨਾਗਰਿਕਤਾ ਛੱਡ ਦਿਤੀ ਹੈ। ਚੌਕਸੀ ਦੀ ਸਪੁਰਦਗੀ ਲਈ ਕੋਸ਼ਿਸ਼ਾਂ ਕਰ ਰਹੀ ਭਾਰਤੀ ਸਰਕਾਰ ਲਈ ਇਹ ਇਕ ਝਟਕਾ ਮੰਨਿਆ ਜਾ ਰਿਹਾ ਹੈ।
Mehul choksi & Nirav modi
ਦੱਸ ਦਈਏ ਕਿ ਪਿਛਲੀ ਸੁਣਵਾਈ ਵਿਚ ਚੌਕਸੀ ਨੇ ਕੋਰਟ ਵਿਚ ਅਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਉਡਾਣ ਰਾਹੀਂ 41 ਘੰਟੇ ਦਾ ਸਫਰ ਕਰ ਕੇ ਉਹ ਭਾਰਤ ਨਹੀਂ ਆ ਸਕਦਾ। ਚੌਕਸੀ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਕਰਨ ਲਈ ਪ੍ਰੀਵੈਨਸ਼ਨ ਆਫ ਮਨੀ ਲਾਡਰਿੰਗ ਐਕਟ ਵਿਸ਼ੇਸ਼ ਕੋਰਟ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਖਲ ਪਟੀਸ਼ਨ ਦੇ ਜਵਾਬ ਵਿਚ ਇਹ ਗੱਲ ਕਹੀ ਗਈ ਸੀ।