
20 ਸਾਲ ਦੀ ਉਮਰ ਵਿਚ ਹੋ ਗਿਆ ਸੀ ਪ੍ਰਤੀਕਸ਼ਾ ਦੇ ਪਤੀ ਦਾ ਦੇਹਾਂਤ
ਨਵੀਂ ਦਿੱਲੀ - ਸਖ਼ਤ ਮਿਹਨਤ ਤੁਹਾਡੇ ਭਵਿੱਖ ਨੂੰ ਸੁਧਾਰ ਸਕਦੀ ਹੈ। ਇਸ ਦੀ ਮਿਸਾਲ ਪ੍ਰਤੀਕਸ਼ਾ ਟੋਂਡਵਾਲਕਰ ਨੇ ਪੇਸ਼ ਕੀਤੀ ਹੈ। ਇੱਕ ਬੈਂਕ ਵਿਚ ਸਫ਼ਾਈ ਦਾ ਕੰਮ ਕਰਨ ਵਾਲੀ ਪ੍ਰਤੀਕਸ਼ਾ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸਫ਼ਲਤਾ ਹਾਸਲ ਕੀਤੀ ਹੈ। ਪ੍ਰਤੀਕਸ਼ਾ ਟੋਂਡਵਾਲਕਰ ਦੇ ਪਤੀ ਦੀ ਸਿਰਫ਼ 20 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ।
ਪਰਿਵਾਰ ਨੂੰ ਸਹਾਰਾ ਦੇਣ ਅਤੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਉਸ ਨੇ ਬੈਂਕ 'ਚ ਸਵੀਪਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਔਰਤ ਲਗਾਤਾਰ ਮਿਹਨਤ ਕਰਦੀ ਰਹੀ ਅਤੇ 37 ਸਾਲਾਂ ਬਾਅਦ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸਬੀਆਈ ਵਿਚ ਉੱਚ ਅਧਿਕਾਰੀ ਦੇ ਅਹੁਦੇ 'ਤੇ ਪਹੁੰਚ ਗਈ। ਪ੍ਰਤੀਕਸ਼ਾ ਟੋਂਡਵਾਲਕਰ ਪੁਣੇ ਦੀ ਰਹਿਣ ਵਾਲੀ ਹੈ। 1964 ਵਿਚ ਇੱਕ ਗਰੀਬ ਪਰਿਵਾਰ ਵਿਚ ਪੈਦਾ ਹੋਈ ਪ੍ਰਤੀਕਸ਼ਾ ਭਾਰਤੀ ਸਟੇਟ ਬੈਂਕ ਵਿਚ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਪੁਲਿਸ ਇੰਸਪੈਕਟਰ ਬਲਜੀਤ ਸਿੰਘ 7 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਹਾਲ ਹੀ ਵਿਚ ਉਨ੍ਹਾਂ ਨੂੰ ਐਸਬੀਆਈ ਦੁਆਰਾ ਸਹਾਇਕ ਜਨਰਲ ਮੈਨੇਜਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ ਪਰ ਪ੍ਰਤੀਕਸ਼ਾ ਲਈ ਇਸ ਅਹੁਦੇ ਤੱਕ ਪਹੁੰਚਣ ਦਾ ਸਫਰ ਆਸਾਨ ਨਹੀਂ ਸੀ। ਛੋਟੀ ਉਮਰ ਵਿਚ ਹੀ ਪਰਿਵਾਰ ਅਤੇ ਪੁੱਤਰ ਦੀ ਜ਼ਿੰਮੇਵਾਰੀ ਪ੍ਰਤੀਕਸ਼ਾ ਦੇ ਮੋਢਿਆਂ 'ਤੇ ਆ ਗਈ। ਸਿਰਫ਼ 17 ਸਾਲ ਦੀ ਉਮਰ 'ਚ ਪ੍ਰਤੀਕਸ਼ਾ ਦਾ ਵਿਆਹ ਹੋ ਗਿਆ ਸੀ। ਉਸ ਦੌਰਾਨ ਪ੍ਰਤੀਕਸ਼ਾ ਨੇ 10ਵੀਂ ਵੀ ਨਹੀਂ ਕੀਤੀ ਸੀ।
ਉਸ ਦਾ ਪਤੀ SBI ਵਿੱਚ ਬੁੱਕ ਬਾਈਂਡਰ ਵਜੋਂ ਕੰਮ ਕਰਦਾ ਸੀ। ਵਿਆਹ ਤੋਂ ਇਕ ਸਾਲ ਬਾਅਦ ਬੇਟੇ ਵਿਨਾਇਕ ਨੇ ਜਨਮ ਲਿਆ। ਪਰ ਜਦੋਂ ਉਸ ਦੇ ਪਤੀ ਦੀ ਹਾਦਸੇ ਵਿਚ ਮੌਤ ਹੋ ਗਈ ਤਾਂ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਪ੍ਰਤੀਕਸ਼ਾ ਦੇ ਮੋਢਿਆਂ 'ਤੇ ਆ ਗਈ। ਪਰਿਵਾਰ ਅਤੇ ਬੇਟੇ ਦੇ ਭਵਿੱਖ ਨੂੰ ਸੁਧਾਰਨ ਲਈ ਪ੍ਰਤੀਕਸ਼ਾ ਨੇ ਨੌਕਰੀ ਕਰਨ ਦਾ ਫੈਸਲਾ ਕੀਤਾ, ਹਾਲਾਂਕਿ ਪੜ੍ਹਾਈ ਨਾ ਹੋਣ ਕਾਰਨ ਉਹ ਚੰਗੀ ਨੌਕਰੀ ਕਰਨ ਦੇ ਕਾਬਲ ਨਹੀਂ ਸੀ।
ਇਹ ਵੀ ਪੜ੍ਹੋ: ਭਾਰਤੀ ਹਾਕੀ ਟੀਮ ਦੇ ਸਟਾਰ ਮਿਡ ਫੀਲਡਰ ਹਾਰਦਿਕ ਸਿੰਘ ਸੱਟ ਕਾਰਨ ਵਿਸ਼ਵ ਕੱਪ ਤੋਂ ਹੋਏ ਬਾਹਰ
ਪਰ ਉਸ ਦੇ ਪਤੀ ਦੇ ਬੈਂਕ ਨੇ ਪ੍ਰਤੀਕਸ਼ਾ ਨੂੰ ਨੌਕਰੀ ਦੇਣ ਦਾ ਫ਼ੈਸਲਾ ਕੀਤਾ। ਪ੍ਰਤੀਕਸ਼ਾ ਇਸ ਬੈਂਕ ਵਿੱਚ ਸਵੀਪਰ ਬਣ ਗਈ। ਉਹ ਹਰ ਰੋਜ਼ ਸਵੇਰੇ ਬੈਂਕ ਬ੍ਰਾਂਚ ਵਿਚ ਝਾੜੂ ਮਾਰਦੀ ਸੀ। ਉਸ ਨੂੰ ਇਸ ਕੰਮ ਲਈ 60 ਤੋਂ 65 ਰੁਪਏ ਮਹੀਨਾ ਮਿਲਦਾ ਸੀ। ਜਦੋਂ ਪ੍ਰਤੀਕਸ਼ਾ ਨੇ ਬੈਂਕ 'ਚ ਲੋਕਾਂ ਨੂੰ ਡੈਸਕ ਦਾ ਕੰਮ ਕਰਦੇ ਦੇਖਿਆ ਤਾਂ ਉਹ ਵੀ ਉੱਥੇ ਕੰਮ ਕਰਨਾ ਚਾਹੁੰਦੀ ਸੀ। ਉਸ ਨੇ 10ਵੀਂ ਜਮਾਤ ਦੀ ਪ੍ਰੀਖਿਆ ਦੇਣ ਦਾ ਫ਼ੈਸਲਾ ਕੀਤਾ।
ਰਿਸ਼ਤੇਦਾਰਾਂ, ਦੋਸਤਾਂ ਅਤੇ ਬੈਂਕ ਕਰਮਚਾਰੀਆਂ ਨੇ ਉਸ ਦੀ ਪੜ੍ਹਾਈ ਵਿਚ ਮਦਦ ਕੀਤੀ। ਪ੍ਰਤੀਕਸ਼ਾ ਨੇ 60 ਫੀਸਦੀ ਅੰਕਾਂ ਨਾਲ 10ਵੀਂ ਪਾਸ ਕੀਤੀ ਹੈ। ਫਿਰ 12ਵੀਂ ਦੀ ਪ੍ਰੀਖਿਆ ਦਿੱਤੀ। ਇੱਕ ਨਾਈਟ ਕਾਲਜ ਤੋਂ ਮਨੋਵਿਗਿਆਨ ਵਿਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਪੜ੍ਹਾਈ ਪੂਰੀ ਹੋਣ 'ਤੇ ਉਸ ਨੂੰ ਬੈਂਕ ਵਿਚ ਕਲਰਕ ਵਜੋਂ ਤਰੱਕੀ ਮਿਲ ਗਈ। ਪੁੱਤਰ ਅਤੇ ਦੂਜੇ ਪਤੀ ਨੇ ਵੀ ਪ੍ਰਤੀਕਸ਼ਾ ਦਾ ਹਰ ਕਦਮ 'ਤੇ ਸਾਥ ਦਿੱਤਾ ਅਤੇ ਉਸ ਨੂੰ ਪੜ੍ਹਾਈ ਅਤੇ ਨੌਕਰੀ ਲਈ ਉਤਸ਼ਾਹਿਤ ਕੀਤਾ। 37 ਸਾਲ ਬਾਅਦ ਪ੍ਰਤੀਕਸ਼ਾ ਨੂੰ ਸਹਾਇਕ ਮੈਨੇਜਰ ਬਣਨ ਦਾ ਮੌਕਾ ਮਿਲਿਆ। ਫਿਲਹਾਲ ਪ੍ਰਤੀਕਸ਼ਾ ਦੀ ਸੇਵਾਮੁਕਤੀ 'ਚ ਦੋ ਸਾਲ ਬਾਕੀ ਹਨ।