
ਵਿਕਾਸ ਸਿੰਘ ਨੇ ਮੋਹਾਲੀ ’ਚ ਆਰ.ਪੀ.ਜੀ. ਹਮਲੇ ਦੇ ਮੁਲਜ਼ਮਾਂ ’ਚ ਦਿਤੀ ਸੀ ਪਨਾਹ
ਵਿੱਕੀ ਮਿੱਢੂਖੇੜਾ ਨੇ ਹਮਲੇ ਦੇ ਮੁਲਜ਼ਮਾਂ ਨੂੰ ਵਿਕਾਸ ਸਿੰਘ ਨੂੰ ਮਿਲਵਾਇਆ ਸੀ
ਨਵੀਂ ਦਿੱਲੀ: ਕੌਮੀ ਜਾਂਚ ਬਿਊਰੋ (ਐਨ.ਆਈ.ਏ.) ਨੇ ਬੁਧਵਾਰ ਨੂੰ ਕਿਹਾ ਕਿ ਉਸ ਨੇ ਪਿਛਲੇ ਸਾਲ ਪੰਜਾਬ ਪੁਲਿਸ ਦੀ ਖੁਫ਼ੀਆ ਬ੍ਰਾਂਚ ਦੇ ਹੈੱਡਕੁਆਰਟਰ ’ਤੇ ਆਰ.ਪੀ.ਜੀ. ਹਮਲੇ ’ਚ ਸ਼ਾਮਲ ਇਕ ਅਤਿਵਾਦੀ ਗਰੋਹ ਦੇ ਮੈਂਬਰਾਂ ਨੂੰ ਪਨਾਹ ਦੇਣ ’ਚ ਕਥਿਤ ਸ਼ਮੂਲੀਅਤ ਦੇ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇਕ ਪ੍ਰਮੁੱਖ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਐਨ.ਆਈ.ਏ. ਦੇ ਇਕ ਬੁਲਾਰੇ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲਖਨਊ ਵਾਸੀ ਮੁਲਜ਼ਮ ਵਿਕਾਸ ਸਿੰਘ ਨੇ ਫ਼ੈਜਾਬਾਦ ਦੇ ਦੀਪਕ ਸੁਰਖਪੁਰ ਅਤੇ ਦਿਵਿਆਂਸ਼ੂ ਨੂੰ ਪਨਾਹ ਦਿਤੀ ਸੀ ਜਿਨ੍ਹਾਂ ਨੇ ਮਈ 2022 ’ਚ ਮੋਹਾਲੀ ’ਚ ਰਾਕੇਟ ਨਾਲ ਗ੍ਰੇਨੇਡ (ਆਰ.ਪੀ.ਜੀ.) ਹਮਲਾ ਕੀਤਾ ਸੀ।ਅਧਿਕਾਰੀ ਨੇ ਕਿਹਾ, ‘‘ਵਿਕਾਸ ਸਿੰਘ ਨੇ ਪ੍ਰਗਟਾਵਾ ਕੀਤਾ ਹੈ ਕਿ ਉਸ ਨੇ ਸੁਰਖਪੁਰ ਅਤੇ ਦਿਵਿਆਂਸ਼ੂ ਨੂੰ ਅਯੋਧਿਆ ਦੇ ਪਿੰਡ ਦੇਵਗੜ੍ਹ ’ਚ ਅਪਣੇ ਘਰ ’ਚ ਅਤੇ ਗੋਮਤੀ ਨਗਰ ਵਿਸਤਾਰ, ਲਖਨਊ ’ਚ ਅਪਣੇ ਫਲੈਟ ’ਚ ਕਈ ਵਾਰੀ ਪਨਾਹ ਦਿਤੀ ਹੈ।’’
ਵਿਕਾਸ ਸਿੰਘ ਵਿਰੁਧ 10 ਅਪਰਾਧਕ ਮਾਮਲੇ ਦਰਜ ਹਨ, ਜਿਨ੍ਹਾਂ ’ਚ ਕਤਲ, ਕਤਲ ਦੀ ਕੋਸ਼ਿਸ਼ ਸਮੇਤ ਹਥਿਆਰਬੰਦ ਐਕਟ ਅਤੇ ਗੈਂਗਸਟਰ ਐਕਟ ਤਹਿਤ ਦਰਜ ਕੁਝ ਮਾਮਲੇ ਸ਼ਾਮਲ ਹਨ। ਬੁਲਾਰੇ ਨੇ ਕਿਹਾ, ‘‘ਐਨ.ਆਈ.ਏ. ਜਾਂਚ ’ਚ ਪ੍ਰਗਟਾਵਾ ਹੋਇਆ ਹੈ ਕਿ ਬਿਸ਼ਨੋਈ ਦੇ ਇਕ ਹੋਰ ਸਾਥੀ ਅਤੇ ਦੋਸਤ ਵਿੱਕੀ ਮਿੱਢੂਖੇੜਾ ਨੇ ਸੁਰਖਪੁਰ ਨੂੰ ਵਿਕਾਸ ਸਿੰਘ ਨਾਲ ਮਿਲਵਾਇਆ ਸੀ। ਵਿਕਾਸ ਸਿੰਘ ਨੇ ਦਿਵਿਆਂਸ਼ੂ ਨੂੰ ਬਿਸ਼ਨੋਈ ਗੈਂਗ ਨਾਲ ਜੋੜਿਆ ਸੀ।’’
ਇਹ ਵੀ ਪੜ੍ਹੋ: ਸ਼ੇਅਰ ਬਾਜ਼ਾਰ ਨਵੀਂਆਂ ਉਚਾਈਆਂ ’ਤੇ ਪੁੱਜਿਆ
ਉਨ੍ਹਾਂ ਕਿਹਾ, ‘‘ਦੋਵੇਂ (ਵਿਕਾਸ ਸਿੰਘ ਅਤੇ ਬਿਸ਼ਨੋਈ) ਨਾਂਦੇੜ ’ਚ ਉਦਯੋਗਪਤੀ ਸੰਜੇ ਬਿਆਣੀ ਅਤੇ ਪੰਜਾਬ ’ਚ ਰਾਣਾ ਕੰਧੋਵਾਲੀਆ ਸਮੇਤ ਕਤਲ ਦੇ ਕਈ ਮਾਮਲਿਆਂ ’ਚ ਸ਼ਾਮਲ ਸਨ। ਵਿਕਾਸ ਸਿੰਘ ਨੇ ਰਾਣਾ ਦੇ ਕਤਲ ਤੋਂ ਬਾਅਦ ਇਕ ਹੋਰ ਮੁਲਜ਼ਮ ਰਿੰਕੂ ਨੂੰ ਵੀ ਪਨਾਹ ਦਿਤੀ ਸੀ।’’ ਅਧਿਕਾਰੀ ਨੇ ਕਿਹਾ ਕਿ 2020 ਦੀ ਸ਼ੁਰੂਆਤ ’ਚ ਚੰਡੀਗੜ੍ਹ ’ਚ (ਬਿਸ਼ਨੋਈ ਕੇ ਹੁਕਮ ’ਤੇ) ਦੋ ਲੋਕਾਂ ਦੇ ਕਤਲ ਤੋਂ ਬਾਅਦ ਉਸ ਦੇ ਸਾਥੀ ਮੋਨੂੰ ਡਾਗਰ, ਪ੍ਰਧਾਨ ਚੀਮਾ ਅਤੇ ਰਾਜਨ ਲਖਨਊ ’ਚ ਵਿਕਾਸ ਸਿੰਘ ਨਾਲ ਸਨ।
ਬੁਲਾਰੇ ਅਨੁਸਾਰ ਜਾਂਚ ’ਚ ਇਹ ਪ੍ਰਗਟਾਵਾ ਵੀ ਹੋਇਆ ਹੈ ਕਿ ਜੇਲ ’ਚ ਬੰਦ ਬਿਸ਼ਨੋਈ ਦੇ ਹੋਰ ਸੂਬਿਆਂ ’ਚ ਸਾਥੀਆਂ ਨੂੰ ਵੀ ਵਿਕਾਸ ਸਿੰਘ ਨੇ ਪਨਾਹ ਦਿਤੀ ਸੀ, ਜਿਨ੍ਹਾਂ ’ਚ ਰਿੰਕੂ, ਰਾਜਪਾਲ ਅਤੇ ਭਾਟੀ (ਮੱਧ ਪ੍ਰਦੇਸ਼) ਸ਼ਾਮਲ ਹਨ।ਐਨ.ਆਈ.ਏ਼. ਨੇ ਕਿਹਾ ਕਿ ਵਿਕਾਸ ਸਿੰਘ ਨੂੰ ਬਿਸ਼ਨੋਈ ਦੇ ਅਪਰਾਧਕ ਸਿੰਡੀਕੇਟ ਦੇ ਮੈਂਬਰਾਂ ਅਤੇ ਭਾਰਤ ਤੇ ਵਿਦੇਸ਼ਾਂ ’ਚ ਸਥਿਤ ਗੈਂਗਾਂ ਵਲੋਂ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ’ਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪੈਸਾ ਇਕੱਠਾ ਕਰਨ ਅਤੇ ਨੌਜੁਆਨਾਂ ਦੀ ਭਰਤੀ ਕਰਨ ਦੀ ਸਾਜ਼ਸ਼ ਨਾਲ ਸਬੰਧਤ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ।
ਏਜੰਸੀ ਨੇ ਕਿਹਾ, ‘‘ਅਜੇ ਤਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸਾਜ਼ਸ਼ ਵੱਖੋ-ਵੱਖ ਸੂਬਿਆਂ ਦੀਆਂ ਜੇਲਾਂ ’ਚ ਰਚੀ ਗਈ ਜਾ ਰਹੀ ਹੈ ਅਤੇ ਵਿਦੇਸ਼ਾਂ ’ਚ ਵਸੇ ਲੋਕਾਂ ਦੇ ਸੰਗਠਤ ਨੈੱਟਵਰਕ ਰਾਹੀਂ ਇਨ੍ਹਾਂ ਨੂੰ ਅੰਜਾਮ ਦਿਤਾ ਜਾ ਰਿਹਾ ਹੈ।’’ਐਨ.ਆਈ.ਏ. ਨੇ ਪਹਿਲਾਂ ਹੀ ਕਈ ਸਨਸਨੀਖੇਜ਼ ਮਾਮਲਿਆਂ ’ਚ ਅਤਿਵਾਦੀ ਸਿੰਡੀਕੇਟ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ, ਜਿਸ ’ਚ 2023 ਦੇ ਸੌਦਾ ਸਾਧ ਦੇ ਚੇਲੇ ਪ੍ਰਦੀਪ ਕੁਮਾਰ ਦਾ ਕਤਲ ਅਤੇ ਰਾਜਸਥਾਨ ਦੇ ਸੀਕਰ ’ਚ ਰਾਜੂ ਥੇਕ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਅਤੇ ਆਰ.ਪੀ.ਜੀ. ਹਮਲਾ ਸ਼ਾਮਲ ਹੈ। ਏਜੰਸੀ ਨੇ ਹੁਣ ਤਕ 15 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ’ਚੋਂ ਬਿਸ਼ਨੋਈ ਸਮੇਤ 15 ਵਿਰੁਧ ਚਾਰਜਸ਼ੀਟ ਦਾਇਰ ਕੀਤੀ ਹੈ।