
ਭਾਜਪਾ ਦੇ ਇਸ਼ਾਰੇ 'ਤੇ ਹੋਇਆ ਸੌਦਾ : ਕਾਂਗਰਸ.......
ਲਖਨਊ : ਬਹੁਜਨ ਸਮਾਜ ਪਾਰਟੀ ਛੱਤੀਸਗੜ੍ਹ ਵਿਚ ਅਜੀਤ ਜੋਗੀ ਦੀ ਅਗਵਾਈ ਵਾਲੀ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਨਾਲ ਗਠਜੋੜ ਕਰ ਕੇ ਵਿਧਾਨ ਸਭਾ ਚੋਣਾਂ ਲੜੇਗੀ। ਬਸਪਾ ਮੁਖੀ ਮਾਇਆਵਤੀ ਨੇ ਇਥੇ ਜੋਗੀ ਨਾਲ ਸਾਂਝੇ ਪੱਤਰਕਾਰ ਸੰਮੇਲਨ ਵਿਚ ਇਹ ਐਲਾਨ ਕਰਦਿਆਂ ਕਿਹਾ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਹਿ ਚੁੱਕੇ ਜੋਗੀ ਹੀ ਇਸ ਗਠਜੋੜ ਵਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ। ਉਧਰ, ਕਾਂਗਰਸ ਨੇ ਕਿਹਾ ਹੈ ਕਿ ਦੋਹਾਂ ਪਾਰਟੀਆਂ 'ਚ ਭਾਜਪਾ ਦੇ ਇਸ਼ਾਰੇ 'ਤੇ ਸੌਦਾ ਹੋਇਆ ਹੈ।
Ajit Jogi
ਮਾਇਆਵਤੀ ਨੇ ਕਿਹਾ ਕਿ ਗਠਜੋੜ ਬਾਰੇ ਉਨ੍ਹਾਂ ਦੀ ਰਾਏ ਸਪੱਸ਼ਟ ਹੈ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਪਾਰਟੀ ਨਾਲ ਤਦ ਹੀ ਗਠਜੋੜ ਕਰੇਗੀ ਜਦ ਉਸ ਨੂੰ ਸਮਝੌਤੇ ਤਹਿਤ ਸਨਮਾਨਜਨਕ ਗਿਣਤੀ ਵਿਚ ਸੀਟਾਂ ਮਿਲਣ। ਨਾਲ ਹੀ ਉਸ ਦੀ ਸੋਚ ਨਾਲ ਵੀ ਮੇਲ ਖਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਇਨ੍ਹਾਂ ਦੋਹਾਂ ਗੱਲਾਂ 'ਤੇ ਗੰਭੀਰਤਾ ਨਾਲ ਗ਼ੌਰ ਕਰਨ ਮਗਰੋਂ ਛੱਤੀਸਗੜ੍ਹ ਵਿਚ ਜਨਤਾ ਕਾਂਗਰਸ ਨਾਲ ਗਠਜੋੜ ਕਰਨ ਦਾ ਫ਼ੈਸਲਾ ਕੀਤਾ ਹੈ। ਸਮਝੌਤੇ ਤਹਿਤ ਛੱਤੀਸਗੜ੍ਹ ਦੀਆਂ 35 ਸੀਟਾਂ 'ਤੇ ਬਸਪਾ ਅਤੇ 55 ਸੀਟਾਂ 'ਤੇ ਜੋਗੀ ਦੀ ਪਾਰਟੀ ਚੋਣਾਂ ਲੜੇਗੀ।
Mayawati And Ajit Jogi
ਸੂਬੇ ਵਿਚ ਸੱਤਾ ਤਬਦੀਲੀ ਲਈ ਦੋਵੇਂ ਪਾਰਟੀਆਂ ਸਾਂਝੀ ਚੋਣ ਪ੍ਰਚਾਰ ਮੁਹਿੰਮ ਚਲਾਉਣਗੀਆਂ ਜਿਸ ਦੀ ਰੂਪਰੇਖਾ ਛੇਤੀ ਹੀ ਤਿਆਰ ਕਰ ਲਈ ਜਾਵੇਗੀ। ਮਾਇਆਵਤੀ ਨੇ ਕਿਹਾ ਕਿ ਜਿਥੇ ਤਕ ਛੱਤੀਸਗੜ੍ਹ ਦਾ ਸਵਾਲ ਹੈ ਤਾਂ ਉਥੇ ਪਿਛਲੇ 15 ਸਾਲਾ ਤੋਂ ਭਾਜਪਾ ਦੀ ਸਰਕਾਰ ਹੈ ਤੇ ਉਸ ਨੇ ਦਲਿਤਾਂ, ਗ਼ਰੀਬਾਂ ਅਤੇ ਆਦਿਵਾਸੀਆਂ ਲਈ ਕੋਰੇ ਐਲਾਨਾਂ ਤੋਂ ਬਿਨਾਂ ਕੋਈ ਕੰਮ ਨਹੀਂ ਕੀਤਾ। ਇਸੇ ਦੌਰਾਨ ਮੱਧ ਪ੍ਰਦੇਸ਼ ਵਿਚ ਕਾਂਗਰਸ ਨੂੰ ਝਟਕਾ ਦਿੰਦਿਆਂ ਮਾਇਆਵਤੀ ਨੇ ਐਲਾਨ ਕੀਤਾ ਕਿ ਉਹ ਿਇਸ ਸੂਬੇ ਵਿਚ ਇਕੱਲਿਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ। (ਏਜੰਸੀ)