
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਸੌਦੇ ਵਿਚ ਕਥਿਤ ਘਪਲੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਕਿ ਦੇਸ਼ ਤੋਂ ਨਵੀਂ ਆਵਾਜ਼ ਉਠ ਰਹੀ ਹੈ........
ਡੁੰਗਰਪੁਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਸੌਦੇ ਵਿਚ ਕਥਿਤ ਘਪਲੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਕਿ ਦੇਸ਼ ਤੋਂ ਨਵੀਂ ਆਵਾਜ਼ ਉਠ ਰਹੀ ਹੈ ਕਿ ਗਲੀ ਗਲੀ ਵਿਚ ਸ਼ੋਰ ਹੈ, ਹਿੰਦੁਸਤਾਨ ਦਾ ਚੌਕੀਦਾਰ ਚੋਰ ਹੈ। ਰਾਜਸਥਾਨ ਦੇ ਆਦਿਵਾਸੀ ਬਹੁਗਿਣਤੀ ਵਾਲੇ ਇਸ ਜ਼ਿਲ੍ਹੇ ਦੇ ਸਾਗਵਾੜਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਰਾਫ਼ੇਲ ਜਹਾਜ਼ ਸੌਦੇ ਵਿਚ ਕਥਿਤ ਘਪਲੇ ਦਾ ਜ਼ਿਕਰ ਕੀਤਾ।
ਰਾਹੁਲ ਨੇ ਕਿਹਾ, 'ਮੋਦੀ ਜੀ ਨੇ ਕਿਹਾ ਸੀ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦਾ, ਮੈਂ ਦੇਸ਼ ਦਾ ਚੌਕੀਦਾਰ ਬਣਨਾ ਚਾਹੁੰਦਾ ਹਾਂ ਪਰ ਅੱਜ ਦੇਸ਼ ਦੇ ਦਿਲ ਵਿਚ, ਰਾਜਸਥਾਨ ਦੀ ਜਨਤਾ ਦੇ ਦਿਲ ਵਿਚ ਨਵੀਂ ਆਵਾਜ਼ ਉਠ ਰਹੀ ਹੈ-ਗਲੀ ਗਲੀ ਵਿਚ ਸ਼ੋਰ ਹੈ, ਹਿੰਦੁਸਤਾਨ ਦਾ ਚੌਕੀਦਾਰ ਚੋਰ ਹੈ।' ਉਨ੍ਹਾਂ ਨੋਟਬੰਦੀ ਬਾਰੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਪਣੇ ਇਸ ਕਦਮ ਨਾਲ ਪੂਰੇ ਦੇਸ਼ ਨੂੰ ਬੈਂਕਾਂ ਸਾਹਮਣੇ ਕਤਾਰਾਂ ਵਿਚ ਖੜਾ ਕਰ ਦਿਤਾ ਪਰ ਬੈਂਕਾਂ ਸਾਹਮਣੇ ਕਤਾਰਾਂ ਵਿਚ ਸਿਰਫ਼ ਗ਼ਰੀਬ ਖੜੇ ਸਨ। ਕੋਈ ਲਲਿਤ ਮੋਦੀ, ਵਿਜੇ ਮਾਲਿਆ ਜਾਂ ਅਨਿਲ ਅੰਬਾਨੀ ਉਸ ਕਤਾਰ ਵਿਚ ਨਹੀਂ ਸੀ। ਇਹ ਪੂਰੇ ਦੇਸ਼ ਨੇ ਵੇਖਿਆ ਹੈ।'
ਉਨ੍ਹਾਂ ਕਿਹਾ ਕਿ ਵਿਜੇ ਮਾਲਿਆ ਸੰਸਦ ਵਿਚ ਦੇਸ਼ ਦੇ ਵਿੱਤ ਮੰਤਰੀ ਨੂੰ ਮਿਲ ਕੇ ਚਲਾ ਜਾਦਾ ਹੈ। ਦੇਸ਼ ਦੇ ਵਿੱਤ ਮੰਤਰੀ ਨੇ 9000 ਕਰੋੜ ਰੁਪਏ ਦੀ ਚੋਰੀ ਕਰਨ ਵਾਲੇ ਚੋਰ ਨੂੰ ਭਜਾ ਦਿਤਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਇਕ ਸ਼ਬਦ ਨਹੀਂ ਬੋਲ ਰਹੇ। ਉਨ੍ਹਾਂ ਜੀਐਸਟੀ ਨੂੰ ਇਕ ਵਾਰ ਫਿਰ ਗੱਬਰ ਸਿੰਘ ਟੈਕਸ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਜਦ ਉਹ ਸੱਤਾ ਵਿਚ ਆਉਣਗੇ ਤਾਂ ਪੰਜ ਵੱਖ-ਵੱਖ ਦਰਾਂ ਨੂੰ ਬਦਲ ਕੇ ਇਕ ਕਰ ਦੇਣਗੇ। ਰਾਜਸਥਾਨ ਵਿਚ ਮੌਜੂਦਾ ਸਰਕਾਰ ਵਿਰੁਧ ਲੜਾਈ ਦਾ ਜ਼ਿਕਰ ਕਰਦਿਆਂ ਗਾਂਧੀ ਨੇ ਕਿਹਾ ਕਿ ਇਹ ਲੜਾਈ ਰਾਜਸਥਾਨ ਦੀ ਜਨਤਾ ਜਿੱਤਣ ਵਾਲੀ ਹੈ। (ਏਜੰਸੀ)