
ਦੇਸ਼ ਵਿਚ ਸ਼ਹਿਰਾਂ ਦੇ ਨਾਮ ਬਦਲਣ ਦੀ ਕਤਾਰ ਦੇ ਤਹਿਤ ਹੁਣ ਨਵਾਂ ਨਿਸ਼ਾਨਾ ਪਹਾੜਾਂ ਦੀ ਰਾਣੀ ਸ਼ਿਮਲਾ ਹੈ। ਹਿਮਾਚਲ ਪ੍ਰਦੇਸ਼ ਵਿਚ ਸ਼ਿਮਲਾ ਦਾ ਨਾਮ ਬਦਲ...
ਸ਼ਿਮਲਾ (ਭਾਸ਼ਾ) : ਦੇਸ਼ ਵਿਚ ਸ਼ਹਿਰਾਂ ਦੇ ਨਾਮ ਬਦਲਣ ਦੀ ਕਤਾਰ ਦੇ ਤਹਿਤ ਹੁਣ ਨਵਾਂ ਨਿਸ਼ਾਨਾ ਪਹਾੜਾਂ ਦੀ ਰਾਣੀ ਸ਼ਿਮਲਾ ਹੈ। ਹਿਮਾਚਲ ਪ੍ਰਦੇਸ਼ ਵਿਚ ਸ਼ਿਮਲਾ ਦਾ ਨਾਮ ਬਦਲ ਕੇ ਸ਼ਿਆਮਲਾ ਕਰਨ ਨੂੰ ਲੈ ਕੇ ਬਕਾਇਦਾ ਮੁਹਿੰਮ ਸ਼ੁਰੂ ਹੋ ਗਈ ਹੈ। ਉਧਰ, ਸੱਤਾਧਾਰੀ ਭਾਜਪਾ ਨੇ ਇਸ ਦਾ ਸਮਰਥਨ ਕੀਤਾ ਹੈ, ਉਥੇ ਹੀ ਕਾਂਗਰਸ ਨੇ ਇਸ ਨੂੰ ਲੈ ਕੇ ਸਵਾਲ ਚੁਕੇ ਹਨ। ਦੱਸ ਦਈਏ ਕਿ ਹਾਲ ਹੀ ਵਿਚ ਯੂਪੀ ਸਰਕਾਰ ਨੇ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਕੀਤਾ ਹੈ। ਸ਼ਿਮਲਾ ਦਾ ਨਾਮ ਬਦਲ ਜਾਣ ਦੀ ਮੁਹਿੰਮ ਦਾ ਸਮਰਥਨ ਕਰਦੇ ਹੋਏ ਭਾਜਪਾ ਨੇਤਾ ਅਤੇ ਸੂਬੇ ਦੇ ਸਿਹਤ ਮੰਤਰੀ ਵਿਪਿਨ ਸਿੰਘ ਪ੍ਰਮਾਰ ਨੇ ਕਿਹਾ,
Shimla ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਪ੍ਰਾਚੀਨ ਆਧਾਰ ਉਤੇ ਨਾਮ ਸਨ, ਉਨ੍ਹਾਂ ਨਾਵਾਂ ਨੂੰ ਫਿਰ ਤੋਂ ਰੱਖਣ ਵਿਚ ਕੋਈ ਬੁਰਾਈ ਨਹੀਂ ਹੈ। ਸ਼ਿਮਲਾ ਦਾ ਨਾਮ ਸ਼ਿਆਮਲਾ ਕਰਨ ਨੂੰ ਲੈ ਕੇ ਜਾਰੀ ਬਹਿਸ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਜੇਕਰ ਲੋਕਾਂ ਦੀ ਰਾਏ ਬਣਦੀ ਹੈ ਤਾਂ ਇਸ ‘ਤੇ ਵਿਚਾਰ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਪਿਛਲੇ ਕਈ ਦਿਨਾਂ ਤੋਂ ਸ਼ਿਮਲਾ ਦਾ ਨਾਮ ਬਦਲਣ ਨੂੰ ਲੈ ਕੇ ਵੱਖ-ਵੱਖ ਪੱਖ ਸਾਹਮਣੇ ਆ ਰਹੇ ਹਨ। ਕੁਝ ਲੋਕ ਇਸ ਦੇ ਪੱਖ ਵਿਚ ਹਨ ਤਾਂ ਕੁਝ ਵਿਰੋਧ ਵੀ ਕਰ ਰਹੇ ਹਨ।
ਉਧਰ, ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨੇਤਾ ਹਰਭਜਨ ਸਿੰਘ ਭੱਜੀ ਨੇ ਸ਼ਿਮਲਾ ਦਾ ਨਾਮ ਬਦਲਣ ਦੀ ਗੱਲ ‘ਤੇ ਸਵਾਲ ਚੁੱਕਦੇ ਹੋਏ ਪੁੱਛਿਆ, ਇਸ ਦਾ ਮਕਸਦ ਕੀ ਹੈ? ਉਨ੍ਹਾਂ ਨੇ ਕਿਹਾ ਕਿ ਸ਼ਿਮਲਾ ਦਾ ਨਾਮ ਬਿਲਕੁਲ ਨਹੀਂ ਬਦਲਿਆ ਜਾਣਾ ਚਾਹੀਦਾ। ਇਹ ਇਤਿਹਾਸਿਕ ਸ਼ਹਿਰ ਹੈ ਅਤੇ ਅਜਿਹੇ ਨਾਮ ਬਦਲਣ ਨਾਲ ਤਾਂ ਇਤਿਹਾਸਿਕ ਚੀਜ਼ਾਂ ਖਤਮ ਹੋ ਜਾਣਗੀਆਂ। ਭੱਜੀ ਨੇ ਕਿਹਾ, ਸ਼ਿਮਲਾ ਨਾਮ ਵਿਚ ਕੀ ਬੁਰਾਈ ਹੈ? ਨਾਮ ਬਦਲਣ ਨਾਲ ਕੀ ਵਿਕਾਸ ਹੋ ਜਾਵੇਗਾ? ਨਾਮ ਬਦਲਣ ਦੀ ਹੱਠ ਛੱਡ ਕੇ ਸਰਕਾਰ ਵਿਕਾਸ ‘ਤੇ ਧਿਆਨ ਦੇਵੇ।
ਉਧਰ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਹੁਦਾ ਅਧਿਕਾਰੀ ਅਮਨ ਪੁਰੀ ਕਹਿੰਦੇ ਹਨ, ਸ਼ਿਆਮਲਾ ਨੂੰ ਸ਼ਿਮਲਾ ਕੀਤਾ ਗਿਆ ਕਿਉਂਕਿ ਅੰਗਰੇਜ਼ ਸ਼ਿਆਮਲਾ ਨਹੀਂ ਬੋਲ ਪਾਉਂਦੇ ਸਨ। ਉਨ੍ਹਾਂ ਨੇ ਇਸ ਦਾ ਨਾਮ ਸ਼ਿਮਲਾ ਕਰ ਦਿਤਾ ਸੀ ਜੋ ਬਾਅਦ ਵਿਚ ਸ਼ਿਮਲਾ ਹੋ ਗਿਆ। ਦੱਸ ਦਈਏ ਕਿ ਅੰਗਰੇਜ਼ਾਂ ਨੇ 1864 ਵਿਚ ਇਸ ਸ਼ਹਿਰ ਨੂੰ ਵਸਾਇਆ ਸੀ। ਅੰਗਰੇਜ਼ਾਂ ਦੇ ਸ਼ਾਸਨਕਾਲ ਵਿਚ ਸ਼ਿਮਲਾ ਬ੍ਰਿਟਿਸ਼ ਸਾਮਰਾਜ ਦੀ ਗਰਮੀ ਦੀ ਰਾਜਧਾਨੀ ਸੀ। 1947 ਵਿਚ ਆਜ਼ਾਦੀ ਮਿਲਣ ਤੱਕ ਸ਼ਿਮਲਾ ਦਾ ਇਹੀ ਦਰਜਾ ਰਿਹਾ।
ਸ਼ਿਮਲਾ ਨੂੰ ਵਸਾਏ ਜਾਣ ਵਿਚ ਸੀ. ਪ੍ਰੈਟ ਕੈਨੇਡੀ ਦੀ ਮਹੱਤਵਪੂਰਨ ਭੂਮਿਕਾ ਰਹੀ। ਕੈਨੇਡੀ ਨੂੰ ਅੰਗਰੇਜ਼ਾਂ ਨੇ ਪਹਾੜੀ ਰਿਆਸਤਾਂ ਦਾ ਪਾਲੀਟਿਕਲ ਅਫ਼ਸਰ ਨਿਯੁਕਤ ਕੀਤਾ ਸੀ। ਸੰਨ 1822 ਵਿਚ ਉਨ੍ਹਾਂ ਨੇ ਇਥੇ ਪਹਿਲਾ ਘਰ ਬਣਾਇਆ ਜਿਸ ਨੂੰ ਕੈਨੇਡੀ ਹਾਊਸ ਦੇ ਨਾਮ ਨਾਲ ਜਾਣਿਆ ਗਿਆ ਸੀ।