
ਕੁਰੂਕਸ਼ੇਤਰ ਵਿਚ ਗੀਤਾ ਜੈਯੰਤੀ ਸਮਾਰੋਹ ਦੇ ਦੌਰਾਨ ਵੰਡਣ ਲਈ 11 ਕਰੋੜ ਰੁਪਏ ਵਿਚ ਖ਼ਰੀਦੀ ਗਈ ਸ਼੍ਰੀਮਦ ਭਗਵਤ ਗੀਤਾ ਵਿਚ ਸ਼ਲੋਕਾਂ ਦੇ ਗਲਤ...
ਚੰਡੀਗੜ੍ਹ (ਸਸਸ) : ਕੁਰੂਕਸ਼ੇਤਰ ਵਿਚ ਗੀਤਾ ਜੈਯੰਤੀ ਸਮਾਰੋਹ ਦੇ ਦੌਰਾਨ ਵੰਡਣ ਲਈ 11 ਕਰੋੜ ਰੁਪਏ ਵਿਚ ਖ਼ਰੀਦੀ ਗਈ ਸ਼੍ਰੀਮਦ ਭਗਵਤ ਗੀਤਾ ਵਿਚ ਸ਼ਲੋਕਾਂ ਦੇ ਗਲਤ ਮਤਲਬ ਦੱਸਣ ਦਾ ਇਲਜ਼ਾਮ ਲਗਾਉਂਦੇ ਹੋਏ ਦਾਖ਼ਲ ਕੀਤੀ ਗਈ ਪਟੀਸ਼ਨ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਖ਼ਾਰਿਜ ਕਰਦੇ ਹੋਏ ਪਟੀਸ਼ਨਰ ਉਤੇ 2 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਮੰਗ ਦਾਖ਼ਲ ਕਰਦੇ ਹੋਏ ਇਕ ਐਡਵੋਕੇਟ ਨੇ ਹਾਈਕੋਰਟ ਨੂੰ ਦੱਸਿਆ ਕਿ ਹਰਿਆਣਾ ਵਿਚ ਗੀਤਾ ਜੈਯੰਤੀ ਤਿਉਹਾਰ ਮਨਾਇਆ ਜਾ ਰਿਹਾ ਹੈ।
ਇਸ ਦੌਰਾਨ ਗੀਤਾ ਦੇ ਪ੍ਰਚਾਰ ਪ੍ਰਸਾਰ ਲਈ 11 ਕਰੋੜ ਰੁਪਏ ਵਿਚ ਗੋਰਖਪੁਰ ਦੇ ਗੋਇੰਕਾ ਵਲੋਂ ਲਿਖੀ ਗਈ ਗੀਤਾ ਨੂੰ ਖ਼ਰੀਦਣ ਦਾ ਫ਼ੈਸਲਾ ਲਿਆ ਗਿਆ ਹੈ। ਪਟੀਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਧਰਮ ਨਿਰਪੱਖ ਸਰਕਾਰ ਹੈ ਅਤੇ ਅਜਿਹੇ ਕਿਸੇ ਧਰਮ ਦੇ ਪ੍ਰਚਾਰ ਉਤੇ ਸਰਕਾਰੀ ਫੰਡ ਵਿਚੋਂ ਖਰਚ ਨਹੀਂ ਕੀਤਾ ਜਾ ਸਕਦਾ। ਪਟੀਸ਼ਨਰ ਨੇ ਕਿਹਾ ਕਿ ਜੋ ਸ਼੍ਰੀਮਦ ਭਗਵਤ ਗੀਤਾ ਖ਼ਰੀਦੀ ਗਈ ਹੈ ਉਹ ਠੀਕ ਅਨੁਵਾਦ ਨਹੀਂ ਹੈ ਅਤੇ ਅਜਿਹੇ ਵਿਚ ਲੋਕਾਂ ਦੇ ਵਿਚ ਗੀਤਾ ਦਾ ਸੁਨੇਹਾ ਗਲਤ ਜਾਵੇਗਾ।
ਨਾਲ ਹੀ ਇਸ ਪ੍ਰਕਾਰ ਦੇ ਪ੍ਰਬੰਧ ਨੂੰ ਰਾਜਨੀਤਿਕ ਮੁਨਾਫ਼ਾ ਲੈਣ ਦਾ ਤਰੀਕਾ ਦੱਸਿਆ ਗਿਆ। ਪਟੀਸ਼ਨਰ ਨੇ ਹਾਈਕੋਰਟ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਹਾਈਕੋਰਟ ਦਖ਼ਲ ਦੇਵੇ। ਪਟੀਸ਼ਨਰ ਨੇ ਕਿਹਾ ਕਿ ਅਨੁਵਾਦ ਦੀ ਜਾਂਚ ਲਈ ਕਿਸੇ ਮਾਹਰ ਨੂੰ ਜਾਂਚਕ ਦੇ ਖ਼ਰਚ ਉਤੇ ਨਿਯੁਕਤ ਕੀਤਾ ਜਾਵੇ ਅਤੇ ਉਹ ਵੇਖੇ ਕਿ ਇਹ ਕਿੰਨੀ ਸਟੀਕ ਹੈ। ਹਾਈਕੋਰਟ ਨੇ ਇਸ ਉਤੇ ਕਿਹਾ ਕਿ ਅਦਾਲਤ ਇਸ ਮਾਮਲੇ ਵਿਚ ਕਿਵੇਂ ਨਿਰਣਾ ਲੈ ਸਕਦੀ ਹੈ।
ਅਦਾਲਤ ਪਟੀਸ਼ਨਰ ਲਈ ਸਹੀ ਵਿਕਲਪ ਨਹੀਂ ਹੈ ਅਤੇ ਪਟੀਸ਼ਨਰ ਨੂੰ ਸਰਕਾਰ ਦੇ ਸਾਹਮਣੇ ਪੱਖ ਰੱਖਣਾ ਚਾਹੀਦਾ ਹੈ। ਪਟੀਸ਼ਨਰ ਫਿਰ ਵੀ ਅਪਣੀ ਅਪੀਲ ਉਤੇ ਅੜਿਆ ਰਿਹਾ ਜਿਸ ਦੇ ਚਲਦੇ ਹਾਈਕੋਰਟ ਨੇ 2 ਲੱਖ ਰੁਪਏ ਜੁਰਮਾਨਾ ਲਗਾਉਂਦੇ ਹੋਏ ਪਟੀਸ਼ਨ ਨੂੰ ਖ਼ਾਰਿਜ ਕਰ ਦਿਤਾ।