
ਕਿਹਾ - ਹਿੰਦੂਸਤਾਨ ਦੇ ਕਿਸੇ ਵੀ ਕਿਸਾਨ ਨੂੰ ਕਰਜ਼ਾ ਵਾਪਸ ਨਾ ਕਰਨ 'ਤੇ ਜੇਲ ਨਹੀਂ ਭੇਜਿਆ ਜਾਵੇਗਾ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਦੋ ਬਜਟ ਪੇਸ਼ ਕੀਤੇ ਜਾਣਗੇ। ਇਨ੍ਹਾਂ ਵਿਚੋਂ ਇਕ ਕੌਮੀ ਬਜਟ ਹੋਵੇਗਾ ਜਦਕਿ ਦੂਜਾ ਕਿਸਾਨਾਂ ਦਾ ਬਜਟ ਹੋਵੇਗਾ। ਰਾਹੁਲ ਨੇ ਹੈਦਰਗੜ੍ਹ ਤਹਿਸੀਲ ਦੇ ਚੌਬਸੀ ਪਿੰਡ 'ਚ ਇਕ ਜਨ ਸਭਾ ਵਿਚ ਕਿਹਾ, ''ਕਾਂਗਰਸ ਕਿਸਾਨਾਂ ਦੇ ਹਿੱਤ ਲਈ ਇਤਿਹਾਸਕ ਕੰਮ ਕਰਨ ਜਾ ਰਹੀ ਹੈ, ਕੇਂਦਰ ਵਿਚ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਇਸ ਵਾਰ ਦੋ ਬਜਟ ਪੇਸ਼ ਹੋਣਗੇ। ਇਕ ਕੌਮੀ ਬਜਟ ਅਤੇ ਦੂਜਾ ਕਿਸਾਨਾਂ ਦਾ ਬਜਟ ਹੋਵੇਗਾ। ਹੁਣ ਹਿੰਦੂਸਤਾਨ ਦੇ ਕਿਸੇ ਵੀ ਕਿਸਾਨ ਨੂੰ ਕਰਜ਼ਾ ਵਾਪਸ ਨਾ ਕਰਨ 'ਤੇ ਜੇਲ ਨਹੀਂ ਭੇਜਿਆ ਜਾਵੇਗਾ।''
Rahul Gandhi
ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਪਿਛਲੇ ਪੰਜ ਸਾਲ ਵਿਚ ਉਨ੍ਹਾਂ ਦੀ ਸਰਕਾਰ ਨੇ ਕੀ ਕੀਤਾ? ''ਨੌਜੁਆਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੇ ਮੋਦੀ ਇਕ ਲੱਖ ਨੌਜੁਆਨਾਂ ਨੂੰ ਵੀ ਰੁਜ਼ਗਾਰ ਨਹੀਂ ਦੇ ਸਕੇ। ਮੋਦੀ ਨੇ ਰੁਜ਼ਗਾਰ ਦੇਣ ਦੇ ਵਾਅਦੇ 'ਤੇ ਨੌਜੁਆਨਾਂ ਨੂੰ ਝੂਠ ਬੋਲਿਆ।'' ਬਾਰਾਬੰਕੀ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਪੀਐਲ ਪੁਨੀਆ ਦੇ ਬੇਟੇ ਤਨੁਜ ਪੁਨੀਆ ਪਾਰਟੀ ਦੇ ਟਿਕਟ 'ਤੇ ਚੋਣ ਲੜ ਰਹੇ ਹਨ।
Rahul Gandhi
ਰਾਹੁਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਮੋਦੀ ਨੇ 15 ਲੋਕਾਂ ਦੀ ਮਦਦ ਕਰਨ ਵਾਲੀ ਸਰਕਾਰ ਚਲਾਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਚਾਨਕ ਨੋਟਬੰਦੀ ਦਾ ਫ਼ੈਸਲਾ ਲਿਆ ਗਿਆ ਅਤੇ ਪੂਰੇ ਦੇਸ਼ ਨੂੰ ਕਤਾਰ ਵਿਚ ਲਗਾ ਦਿਤਾ ਗਿਆ। ਰਾਹੁਲ ਨੇ ਕਿਹਾ, ''ਸਾਡੀ ਸਰਕਾਰ ਦੇ ਸੱਤਾ ਵਿਚ ਆਉਂਦਿਆਂ ਹੀ ਗ਼ਰੀਬ ਲੋਕਾਂ ਲਈ ਘੱਟ ਆਮਦਨ ਗਰੰਟੀ ਯੋਜਨਾ ਸ਼ੁਰੂ ਹੋਵੇਗੀ।''