
ਟਵੀਟ ਕਰ ਕੇ ਦਿੱਤੀ ਜਾਣਕਾਰੀ, ਚੋਣਾਵੀ ਪ੍ਰੋਗਰਾਮਾਂ ਤੋਂ ਕੀਤਾ ਕਿਨਾਰਾ
ਨਵੀਂ ਦਿੱਲੀ : ਦੇਸ਼ ਅੰਦਰ ਵਧਦੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਦਾ ਬੰਗਾਲ ਦੌਰਾ ਰੱਦ ਕਰ ਦਿਤਾ ਹੈ। ਇਸ ਸਬੰਧੀ ਟਵੀਟ ਜ਼ਰੀਏ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ-19 ਦੀ ਮੌਜੂਦਾ ਸਥਿਤੀ ਲਈ ਮੈਂ ਕੱਲ੍ਹ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਾਂਗਾ। ਇਸ ਵਜ੍ਹਾ ਤੋਂ ਮੈਂ ਪੱਛਮੀ ਬੰਗਾਲ ਨਹੀਂ ਜਾ ਸਕਾਂਗਾ।
pm modi
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪੱਛਮੀ ਬੰਗਾਲ ’ਚ ਕੋਈ ਚੁਣਾਵੀ ਪ੍ਰੋਗਰਾਮ ਤੈਅ ਨਹੀਂ ਹੈ। ਅਜਿਹੇ ’ਚ ਸਮਝਿਆ ਜਾ ਰਿਹਾ ਹੈ ਕਿ ਹੁਣ ਉਹ ਸੂਬਿਆਂ ਵਿਚ ਚੋਣ ਪ੍ਰਚਾਰ ਨਹੀਂ ਕਰਨਗੇ। ਭਾਜਪਾ ਨੇ ਇਸ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਕੋਵਿਡ-19 ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪੱਛਮੀ ਬੰਗਾਲ ’ਚ ਛੋਟੀਆਂ-ਛੋਟੀਆਂ ਰੈਲੀਆਂ ਕਰੇਗੀ, ਜਿਸ ’ਚ 500 ਤੋਂ ਵੱਧ ਲੋਕ ਸ਼ਾਮਲ ਨਹੀਂ ਹੋਣਗੇ।
Narendra Modi
ਇਸ ਤੋਂ ਬਾਅਦ ਤੈਅ ਹੋਇਆ ਸੀ ਕਿ ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਪ੍ਰਸਤਾਵਿਤ ਰੈਲੀਆਂ ਦੀ ਥਾਂ ਸਿਰਫ ਸ਼ੁੱਕਰਵਾਰ ਨੂੰ ਹੀ ਚੋਣਾਵੀ ਪ੍ਰੋਗਰਾਮ ਕਰਨਗੇ। ਕਾਬਲੇਗੌਰ ਹੈ ਕਿ ਪ੍ਰਧਾਨ ਮੰਤਰੀ ਸਮੇਤ ਭਾਜਪਾ ਆਗੂਆਂ ਵੱਲੋਂ ਕਰੋਨਾ ਦੇ ਵਧਦੇ ਕੇਸਾਂ ਦਰਮਿਆਨ ਪੱਛਮੀ ਬੰਗਾਲ ਵਿਚ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ਨੂੰ ਲੈ ਕੇ ਵਿਰੋਧੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਸਨ।
PM Modi
ਇਸੇ ਦੌਰਾਨ ਪੱਛਮੀ ਬੰਗਾਲ ਵਿਚ ਵੀ ਕਰੋਨਾ ਕੇਸਾਂ ਨੇ ਰਫਤਾਰ ਫੜ ਲਈ ਹੈ, ਜਿਸ ਲਈ ਚੋਣ ਰੈਲੀਆਂ ਵਿਚ ਸਿਆਸਤਦਾਨਾਂ ਵੱਲੋਂ ਵੱਡੀਆਂ ਭੀੜਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਦੇਸ਼ ਅੰਦਰ ਮੈਡੀਕਲ ਆਕਸੀਜਨ ਸਮੇਤ ਹੋਰ ਸਹੂਲਤਾਂ ਦੀ ਕਮੀ ਨੂੰ ਲੈ ਕੇ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ।