
ਦਿੱਲੀ ਪਹੁੰਚਣ ’ਤੇ ਇਕ ਵਿਅਕਤੀ ਨੂੰ ਸੌਂਪੀ ਜਾਣੀ ਸੀ ਕੋਕੀਨ ਦੀ ਖੇਪ
ਨਵੀਂ ਦਿੱਲੀ: ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 38 ਕਰੋੜ ਰੁਪਏ ਦੀ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਹੇਠ ਕੀਨੀਆ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਕਸਟਮ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਇਹ ਕੋਕੀਨ ਸ਼ਰਾਬ ਦੀਆਂ ਬੋਤਲਾਂ 'ਚ ਛੁਪਾ ਕੇ ਲਿਆਂਦੀ ਗਈ ਸੀ। ਮੁਲਜ਼ਮ ਕੀਨੀਆ ਤੋਂ ਅਦੀਸ ਅਬਾਬਾ ਰਾਹੀਂ ਪਹੁੰਚੀ ਸੀ। ਸੋਮਵਾਰ ਨੂੰ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਉਸ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ: ਫਾਜ਼ਿਲਕਾ ਵਿਚ ਬਜ਼ੁਰਗ ਦਾ ਕਤਲ: ਖੇਤਾਂ ’ਚ ਮੰਜੇ ਨਾਲ ਬੰਨ੍ਹੀ ਮਿਲੀ ਲਾਸ਼, ਟ੍ਰੈਕਟਰ-ਟਰਾਲੀ ਲੈ ਕੇ ਫਰਾਰ ਹੋਏ ਲੁਟੇਰੇ
ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਦੇ ਬੈਗ ਵਿਚੋਂ ਬਰਾਮਦ ਹੋਈਆਂ ਤਿੰਨ ਸ਼ਰਾਬ ਦੀਆਂ ਬੋਤਲਾਂ ਵਿਚ 2.5 ਕਿਲੋ ਕੋਕੀਨ ਲੁਕਾਈ ਗਈ ਸੀ। ਉਨ੍ਹਾਂ ਦਸਿਆ ਕਿ ਇਹ ਬੈਗ ਨੈਰੋਬੀ ਵਿਚ ਯਾਤਰੀ ਨੂੰ ਦਿਤਾ ਗਿਆ ਸੀ ਜੋ ਦਿੱਲੀ ਪਹੁੰਚਣ ’ਤੇ ਇਕ ਵਿਅਕਤੀ ਨੂੰ ਸੌਂਪਿਆ ਜਾਣਾ ਸੀ। ਅਧਿਕਾਰੀ ਨੇ ਦਸਿਆ ਕਿ ਯਾਤਰੀ ਨੂੰ ਗ੍ਰਿਫਤਾਰ ਕਰਕੇ 38.05 ਕਰੋੜ ਰੁਪਏ ਦੀ ਕੋਕੀਨ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਮੁਲਜ਼ਮ ਨੂੰ ਮੰਗਲਵਾਰ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ।
ਇਹ ਵੀ ਪੜ੍ਹੋ: ਮੋਗਾ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ 'ਚ ਹਮਲਾ, ਮਾਂ ਜ਼ਖ਼ਮੀ, ਹਾਲਤ ਗੰਭੀਰ
ਜ਼ਿਕਰਯੋਗ ਹੈ ਕਿ 15 ਜੂਨ ਨੂੰ ਕਸਟਮ ਅਧਿਕਾਰੀਆਂ ਨੇ 13 ਕਰੋੜ ਰੁਪਏ ਦੀ ਕੋਕੀਨ ਦੀ ਤਸਕਰੀ ਦੇ ਦੋਸ਼ 'ਚ ਹਵਾਈ ਅੱਡੇ 'ਤੇ ਇਕ ਹੋਰ ਕੀਨੀਆਈ ਔਰਤ ਨੂੰ ਗ੍ਰਿਫਤਾਰ ਕੀਤਾ ਸੀ। ਇਹ ਕੋਕੀਨ ਸ਼ਰਾਬ ਦੀਆਂ ਦੋ ਬੋਤਲਾਂ ਵਿਚ ਘੋਲੀ ਗਈ ਸੀ। ਇਸ ਦੌਰਾਨ ਅਧਿਕਾਰੀਆਂ ਨੇ 2.42 ਕਰੋੜ ਰੁਪਏ ਦੇ ਸੋਨੇ ਦੀ ਤਸਕਰੀ ਕਰਨ ਦੇ ਦੋਸ਼ ਹੇਠ ਹਵਾਈ ਅੱਡੇ 'ਤੇ ਕੰਮ ਕਰ ਰਹੀਆਂ ਪ੍ਰਾਈਵੇਟ ਏਜੰਸੀਆਂ ਦੇ ਦੋ ਮੁਲਾਜ਼ਮਾਂ ਵਿਰੁਧ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ।
ਇਹ ਵੀ ਪੜ੍ਹੋ: ਬੇਸ਼ਕੀਮਤੀ ਜਲ ਸਰੋਤ ਬਚਾਉਣਾ ਸਮੇਂ ਦੀ ਮੁੱਖ ਲੋੜ : ਮੀਤ ਹੇਅਰ
ਕਸਟਮ ਵਿਭਾਗ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ, ''ਦੋ ਵਿਅਕਤੀਆਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 4.63 ਕਿਲੋ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਕੀਮਤ ਲਗਭਗ 2.42 ਕਰੋੜ ਰੁਪਏ ਹੈ। ਤਲਾਸ਼ੀ ਲੈਣ ਤੋਂ ਬਾਅਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ”।