
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਿਰ 'ਤੇ ਪੰਜ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ.............
ਆਗਰਾ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਿਰ 'ਤੇ ਪੰਜ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਐਲਾਨ ਕਰਨ ਵਾਲੇ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਫੈਲ ਗਈ ਹੈ। ਵੀਡੀਉ ਵਿਚ ਰਾਸ਼ਟਰੀ ਬਜਰੰਗ ਦਲ ਦਾ ਜ਼ਿਲ੍ਹਾ ਪ੍ਰਧਾਨ ਸੰਜੇ ਜਾਟ ਕਹਿ ਰਿਹਾ ਹੈ ਕਿ ਜਿਹੜਾ ਵੀ ਸ਼ਖ਼ਸ ਸਿੱਧੂ ਦਾ ਸਿਰ ਵੱਢ ਕੇ ਲਿਆਏਗਾ, ਉਸ ਨੂੰ ਪੰਜ ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ। ਉਹ ਸਿੱਧੂ 'ਤੇ ਗੁੱਸਾ ਕਢਦਿਆਂ ਕਹਿ ਰਿਹਾ ਹੈ ਕਿ ਉਸ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਜੱਫੀ ਪਾ ਕੇ ਦੇਸ਼ ਨਾਲ ਗ਼ਦਾਰੀ ਕੀਤੀ ਹੈ।
ਉਹ ਵੀਡੀਉ ਵਿਚ ਏਨੀ ਰਕਮ ਦਾ ਚੈਕ ਵੀ ਵਿਖਾ ਰਿਹਾ ਹੈ। ਉਧਰ, ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਵੀਡੀਉ ਬਾਰੇ ਫ਼ਿਲਹਾਲ ਪਤਾ ਨਹੀਂ ਤੇ ਨਾ ਹੀ ਇਸ ਸਬੰਧ ਵਿਚ ਕੋਈ ਸ਼ਿਕਾਇਤ ਆਈ ਹੈ। ਸੰਜੇ ਕਹਿ ਰਿਹਾ ਹੈ ਕਿ ਉਸ ਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਸਿੱਧੂ ਨੇ ਪਾਕਿਸਤਾਨ ਵਿਚ ਜਾ ਕੇ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਗਲਵਕੜੀ ਪਾਈ ਹੈ ਜਦਕਿ ਪਾਕਿਸਤਾਨ ਦੀ ਫ਼ੌਜ ਸਰਹੱਦ 'ਤੇ ਹਰ ਰੋਜ਼ ਗੋਲੀਆਂ ਚਲਾ ਰਹੀ ਹੈ ਜਿਸ ਵਿਚ ਭਾਰਤੀ ਫ਼ੌਜੀ ਮਰ ਰਹੇ ਹਨ। (ਪੀਟੀਆਈ)