
ਕਿਸ਼ਤਵਾੜ ਇਲਾਕੇ ਵਿਚ ਤੀਰਥ ਯਾਤਰੀਆਂ ਨੂੰ ਮੰਦਰ ਵਲ ਲਿਜਾ ਰਿਹਾ ਵਾਹਨ ਸੜਕ ਤੋਂ ਤਿਲਕ ਕੇ ਚਨਾਬ ਦਰਿਆ ਵਿਚ ਡਿੱਗ ਗਿਆ................
ਜੰਮੂ : ਕਿਸ਼ਤਵਾੜ ਇਲਾਕੇ ਵਿਚ ਤੀਰਥ ਯਾਤਰੀਆਂ ਨੂੰ ਮੰਦਰ ਵਲ ਲਿਜਾ ਰਿਹਾ ਵਾਹਨ ਸੜਕ ਤੋਂ ਤਿਲਕ ਕੇ ਚਨਾਬ ਦਰਿਆ ਵਿਚ ਡਿੱਗ ਗਿਆ ਜਿਸ ਕਾਰਨ 13 ਜਣੇ ਮਾਰੇ ਗਏ। ਹਾਦਸਾ ਉਸ ਸਮੇਂ ਵਾਪਰਿਆ ਜਦ ਤੀਰਥ ਯਾਤਰੀ ਜ਼ਿਲ੍ਹੇ ਦੇ ਮਾਤਾ ਮਚੈਲ ਮੰਦਰ ਵਿਚ ਜਾ ਰਹੇ ਸਨ। ਮਾਰੂਤੀ ਵੈਨ ਸੜਕ ਤੋਂ ਤਿਲਕ ਕੇ ਦਰਿਆ ਵਿਚ ਡਿੱਗ ਗਈ। ਦਸਿਆ ਜਾ ਰਿਹਾ ਹੈ ਕਿ ਵਾਹਨ ਵਿਚ 14 ਜਣੇ ਸਵਾਰ ਸਨ। ਹਾਦਸੇ ਮਗਰੋਂ ਪੁਲਿਸ ਟੀਮ ਨੇ 12 ਜਣਿਆਂ ਦੀਆਂ ਲਾਸ਼ਾਂ ਕੱਢ ਲਈਆਂ। ਪੰਜ ਸਾਲ ਦੀ ਬੱਚੀ ਦੀ ਹਾਲਤ ਗੰਭੀਰ ਸੀ। ਉਸ ਨੂੰ ਤੁਰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਡਾਕਟਰ ਉਸ ਨੂੰ ਬਚਾ ਨਾ ਸਕੇ।
ਮਾਰੇ ਗਏ ਸਾਰੇ ਯਾਤਰੀ ਮਚੈਲ ਮਾਤਾ ਦੇ ਦਰਸ਼ਨ ਕਰ ਕੇ ਮੁੜ ਰਹੇ ਸਨ। ਡੀਜੀਪੀ ਐਸ.ਪੀ. ਵੈਦ ਨੇ ਦਸਿਆ ਕਿ ਮੰਦਰ ਵਲੋਂ ਆ ਰਿਹਾ ਵਾਹਨ ਚਨਾਬ ਦਰਿਆ ਵਿਚ ਡਿੱਗ ਗਿਆ। ਹਾਦਸਾ ਕਿਸ਼ਤਵਾੜ ਤੋਂ ਕਰੀਬ 28 ਕਿਲੋਮੀਟਰ ਦੂਰ ਵਾਪਰਿਆ। ਰਾਹਤ ਕਾਰਜਾਂ ਦੌਰਾਨ 12 ਲਾਸ਼ਾਂ ਬਰਾਮਦ ਹੋ ਗਈਆਂ। ਹਾਦਸੇ ਵਿਚ ਇਕੋ ਇਕ ਪੰਜ ਸਾਲ ਦੀ ਬੱਚੀ ਬਚੀ ਸੀ ਜਿਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ ਉਹ ਵੀ ਉਥੇ ਦਮ ਤੋੜ ਗਈ।। ਕਲ ਵੀ ਕਿਸ਼ਵਾੜ ਵਿਚ ਹਾਦਸਾ ਵਾਪਰਿਆ ਸੀ ਤੇ ਸੱਤ ਜਣੇ ਮਾਰੇ ਗਏ ਸਨ। ਕਲ ਸੜਕ 'ਤੇ ਜਾ ਰਹੇ ਵਾਹਨ 'ਤੇ ਪੱਥਰ ਡਿੱਗ ਗਿਆ ਸੀ। (ਪੀਟੀਆਈ)