
ਖਾਤੇ 'ਚ ਜਮਾਂ ਸਨ 2.25 ਕਰੋੜ ਰੁਪਏ
ਮੁੰਬਈ : ਪੰਜਾਬ ਐਂਡ ਮਹਾਰਾਸ਼ਟਰ ਕੋ-ਆਪ੍ਰੇਟਿਵ ਬੈਂਕ 'ਚ ਹੋਏ ਘੁਟਾਲੇ ਨੇ ਇਕ ਹੋਰ ਜਾਨ ਲੈ ਲਈ ਹੈ। ਸੋਲਾਪੁਰ ਦੀ ਰਹਿਣ ਵਾਲੀ 73 ਸਾਲਾ ਭਾਰਤੀ ਸਦਰੰਗਾਨੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਵਾਰ ਦਾ ਦੋਸ਼ ਹੈ ਕਿ ਭਾਰਤੀ ਦੀ ਬੇਟੀ ਦੇ ਲਗਭਗ 2.25 ਕਰੋੜ ਰੁਪਏ ਬੈਂਕ 'ਚ ਜਮਾਂ ਸਨ।
PMC Bank
ਰਿਪੋਰਟ ਮੁਤਾਬਕ 73 ਸਾਲਾ ਭਾਰਤੀ ਸਦਾਰੰਗਨੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪਰਵਾਰ ਦਾ ਕਹਿਣਾ ਹੈ ਕਿ ਪੀ.ਐਮ.ਸੀ. ਬੈਂਕ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਕਾਫ਼ੀ ਤਣਾਅ 'ਚ ਸੀ। ਦਰਅਸਲ ਭਾਰਤੀ ਦੀ ਬੇਟੀ ਦੇ ਲਗਭਗ ਸਵਾ 2 ਕਰੋੜ ਰੁਪਏ ਪੀ.ਐਮ.ਸੀ. ਬੈਂਕ 'ਚ ਜਮਾਂ ਸਨ। ਬੈਂਕ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਰਿਜ਼ਰਵ ਬੈਂਕ ਦੀਆਂ ਪਾਬੰਦੀਆਂ ਕਾਰਨ ਭਾਰਤੀ ਦੀ ਬੇਟੀ ਪੈਸੇ ਨਹੀਂ ਕਢਵਾ ਪਾ ਰਹੀ ਸੀ। ਇਸ ਕਾਰਨ ਭਾਰਤੀ ਬਹੁਤ ਪ੍ਰੇਸ਼ਾਨ ਸੀ।
ਭਾਰਤੀ ਦੀ ਬੇਟੀ ਦੇ ਪਤੀ ਚੰਦਨ ਚੋਟਰਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਵਾਰ 'ਚ ਕਿਸੇ ਨੂੰ ਦਿਲ ਨਾਲ ਸਬੰਧਤ ਕੋਈ ਬੀਮਾਰੀ ਨਹੀਂ ਸੀ। ਪਰ ਅਚਾਨਕ ਇਹ ਸਭ ਕੁਝ ਹੋ ਗਿਆ, ਜਿਸ ਕਾਰਨ ਪੂਰਾ ਪਰਵਾਰ ਸਦਮੇ 'ਚ ਹੈ। ਚੰਦਨ ਦਾ ਕਹਿਣਾ ਹੈ ਕਿ ਪੀ.ਐਮ.ਸੀ. ਬੈਂਕ ਨੇ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ।
Bharati Sadarangani
ਜ਼ਿਕਰਯੋਗ ਹੈ ਕਿ 18 ਅਕਤੂਬਰ ਨੂੰ ਮੁਰਲੀਧਰ ਧਾਰਾ ਨਾਂ ਦੇ ਇਕ ਬਜ਼ੁਰਗ ਦੀ ਮੌਤ ਹੋ ਗਈ ਸੀ। ਉਸ ਨੂੰ ਵੀ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਦੇ ਬੈਂਕ 'ਚ 80 ਲੱਖ ਰੁਪਏ ਜਮਾਂ ਸਨ। 14 ਤੇ 15 ਅਕਤੂਬਰ ਨੂੰ ਪੀ.ਐਮ.ਸੀ. ਬੈਂਕ ਦੇ ਦੋ ਖਾਤਾਧਾਰਕਾਂ ਨੂੰ ਦਿਲ ਦਾ ਦੌਰਾ ਪਿਆ ਸੀ। ਸੰਜੇ ਗੁਲਾਟੀ ਦੇ ਖਾਤੇ 'ਚ 90 ਲੱਖ ਰੁਪਏ ਜਮਾਂ ਸਨ। ਬੈਂਕ 'ਤੇ ਲਗਾਈਆਂ ਪਾਬੰਦੀਆਂ ਤੋਂ ਬਾਅਦ ਉਹ ਮੁੰਬਈ ਕੋਰਟ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਮਗਰੋਂ ਜਦੋਂ ਘਰ ਪਰਤ ਰਹੇ ਸਨ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਫੱਤੋਮਲ ਪੰਜਾਬੀ ਦਾ ਵੀ ਇਸੇ ਬੈਂਕ 'ਚ ਅਕਾਊਂਟ ਸੀ। ਉਨ੍ਹਾਂ ਨੂੰ ਵੀ 15 ਅਕਤੂਬਰ ਨੂੰ ਦਿਲ ਦਾ ਦੌਰਾ ਪਿਆ ਸੀ। 39 ਸਾਲਾ ਡਾ. ਨਿਵੇਦਿਤਾ ਬਿਜਲਾਨੀ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ।