
ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਸਾਹਮਣੇ ਆਇਆ ਮਾਮਲਾ
ਗੋਰਖਪੁਰ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਦਾਲਤ ਨੇ ਦੁੱਧ ਵਾਲੇ ਨੂੰ ਇਕ ਸਾਲ ਦੀ ਸਜ਼ਾ ਅਤੇ 2000 ਰੁਪਏ ਜੁਰਮਾਨਾ ਕੀਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਜੇਕਰ ਦੋਸ਼ੀ ਸਭਾਜੀਤ ਯਾਦਵ ਜੁਰਮਾਨਾ ਅਦਾ ਨਹੀਂ ਕਰਦਾ ਤਾਂ ਉਸ ਨੂੰ ਇਕ ਮਹੀਨੇ ਦੀ ਹੋਰ ਸਜ਼ਾ ਭੁਗਤਣੀ ਪਵੇਗੀ। ਇਸ ਮਾਮਲੇ ਦੀ ਸੁਣਵਾਈ 12 ਸਾਲਾਂ ਤੋਂ ਚੱਲ ਰਹੀ ਸੀ, ਜਿਸ 'ਤੇ 19 ਦਸੰਬਰ ਨੂੰ ਫੈਸਲਾ ਆਇਆ ਸੀ।
ਇਸ ਮਾਮਲੇ ਸਬੰਧੀ ਖੁਰਾਕ ਸੁਰੱਖਿਆ ਵਿਭਾਗ ਦੇ ਸਹਾਇਕ ਕਮਿਸ਼ਨਰ ਕੁਮਾਰ ਗੁੰਜਨ ਨੇ ਦੱਸਿਆ ਕਿ ਤਤਕਾਲੀ ਫੂਡ ਇੰਸਪੈਕਟਰ ਚੰਦਰਭਾਨੂ ਨੇ 24 ਫਰਵਰੀ 2010 ਨੂੰ ਸਿਕਰੀਗੰਜ ਤਿਰਹੇ ਨੇੜੇ ਮੋਟਰਸਾਈਕਲ ਰਾਹੀਂ ਦੁੱਧ ਵੰਡਣ ਜਾ ਰਹੇ ਸਭਾਜੀਤ ਤੋਂ ਮੱਝ ਦੇ ਦੁੱਧ ਦਾ ਸੈਂਪਲ ਲਿਆ ਸੀ। ਵਿਸ਼ੇਸ਼ ਛਾਪੇਮਾਰੀ ਮੁਹਿੰਮ ਦੌਰਾਨ ਇਸ ਨੂੰ ਜਾਂਚ ਲਈ ਲੈਬ ਵਿਚ ਭੇਜਿਆ ਗਿਆ ਸੀ। ਜਾਂਚ ਰਿਪੋਰਟ ਵਿਚ ਦੁੱਧ ਵਿਚ ਪਾਣੀ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ।
ਇਸ ਤੋਂ ਬਾਅਦ ਸਿਵਲ ਜੱਜ ਜੂਨੀਅਰ ਡਿਵੀਜ਼ਨ ਦੀ ਅਦਾਲਤ ਵਿਚ ਪੀਐਫਏ ਐਕਟ ਤਹਿਤ ਕੇਸ ਦਾਇਰ ਕੀਤਾ ਗਿਆ ਸੀ। ਸੁਣਵਾਈ ਦੌਰਾਨ ਦੋਸ਼ੀ ਪਾਏ ਜਾਣ 'ਤੇ ਅਦਾਲਤ ਨੇ ਸਭਾਜੀਤ ਯਾਦਵ ਨੂੰ ਇਕ ਸਾਲ ਦੀ ਕੈਦ ਅਤੇ ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
ਵਿਭਾਗ ਦੇ ਸਹਾਇਕ ਫੂਡ ਕਮਿਸ਼ਨਰ ਕੁਮਾਰ ਗੁੰਜਨ ਨੇ ਦੱਸਿਆ ਕਿ ਮਿਲਾਵਟਖੋਰਾਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਨਮੂਨੇ ਲੈਣ ਦੇ ਨਾਲ-ਨਾਲ ਖੁਰਾਕ ਵਪਾਰੀਆਂ ਨੂੰ ਸੁਧਾਰ ਨੋਟਿਸ ਜਾਰੀ ਕੀਤੇ ਗਏ ਹਨ। ਟੈਸਟ ਰਿਪੋਰਟ ਵਿਚ ਫੇਲ ਪਾਏ ਜਾਣ ਵਾਲੇ ਸੈਂਪਲਾਂ ਖ਼ਿਲਾਫ਼ ਹਰ ਮਹੀਨੇ ਜੁਰਮਾਨੇ ਕੀਤੇ ਜਾ ਰਹੇ ਹਨ। ਮਿਲਾਵਟਖੋਰੀ ਵਿਚ ਸ਼ਾਮਲ ਕਿਸੇ ਵੀ ਕਾਰੋਬਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।