
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਯੇਦੀਯੁਰੱਪਾ ਨੇ ਭਾਜਪਾ ਨੇਤਾਵਾਂ ਨੂੰ ਦਿਤੀ ਰਿਸ਼ਵਤ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ
ਨਵੀਂ ਦਿੱਲੀ : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਬੀਐਸ ਯੇਦੀਯੁਰੱਪਾ ਨੇ ਭਾਜਪਾ ਨੇਤਾਵਾਂ ਨੂੰ ਦਿਤੀ ਰਿਸ਼ਵਤ ਦੇ ਲਗਾਏ ਦੋਸ਼ਾਂ ਨੂੰ ਲੈ ਕੇ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਵਲੋਂ ਲਗਾਏ ਗਏ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਜਾਂ ਤਾਂ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਕੇ ਦਿਖਾਵੇ ਨਹੀਂ ਤਾਂ ਫਿਰ ਉਹ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਉਹਨਾਂ ਦਾ ਰਹਿਣਾ ਹੈ, ''ਕਾਂਗਰਸ ਪਾਰਟੀ ਅਤੇ ਉਸ ਦੇ ਨੇਤਾ ਮੁੱਦਿਆਂ ਅਤੇ ਵਿਚਾਰਾਂ ਤੋਂ ਦੀਵਾਲੀਏ ਹੋ ਗਏ ਹਨ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕੀਤੀ ਹੈ ਅਤੇ ਪਾਇਆ ਕਿ ਇਹ ਦਸਤਾਵੇਜ਼, ਹਸਤਾਖ਼ਰ ਅਤੇ ਹੱਥ ਲਿਖਤ ਨੋਟ ਫ਼ਰਜ਼ੀ ਸਨ। ਕਾਂਗਰਸ ਜਿੰਨੀ ਜਲਦੀ ਹੋ ਸਕੇ ਇਸ ਦੋਸ਼ ਨੂੰ ਸਾਬਤ ਕਰੇ ਜਾਂ ਫਿਰ ਮਾਣਹਾਨੀ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਏ।''
ਦਸ ਦਈਏ ਕਿ ਬੀਤੇ ਦਿਨ ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸ਼ੁਕਰਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਭਾਜਪਾ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ। ਸੁਰਜੇਵਾਲਾ ਨੇ ਕਾਰਵਾਂ ਮੈਗਜ਼ੀਨ ਦਾ ਹਵਾਲਾ ਦਿੰਦਿਆਂ ਭਾਜਪਾ ਆਗੂ ਬੀ.ਐਸ. ਯੇਦੀਯੁਰੱਪਾ ਦੀ ਇਕ ਡਾਇਰੀ ਦਾ ਜ਼ਿਕਰ ਕੀਤਾ। ਸੁਰਜੇਵਾਲਾ ਨੇ ਯੇਦੀਯੁਰੱਪਾ 'ਤੇ ਭਾਜਪਾ ਆਗੂਆਂ ਨੂੰ 1800 ਕਰੋੜ ਰੁਪਏ ਦੇਣ ਦਾ ਦੋਸ਼ ਲਗਾਇਆ ਹੈ।