
Delhi News : ਝਾਰਖੰਡ ’ਚ 5 ਲੋਕਾਂ ਦੀ ਮੌਤ, ਜੰਮੂ-ਕਸ਼ਮੀਰ ਵਿਚ ਦੋ ਦਿਨ ਭਾਰੀ ਮੀਂਹ ਦੀ ਚੇਤਾਵਨੀ ਜਾਰੀ
Delhi News in Punjabi : ਉੱਤਰੀ ਅਤੇ ਪੂਰਬੀ ਭਾਰਤ ’ਚ ਸਨਿਚਰਵਾਰ ਨੂੰ ਭਾਰੀ ਮੀਂਹ ਨੇ ਤਬਾਹੀ ਮਚਾਈ, ਜਿਸ ’ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹੋ ਗਏ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਨੂੰ ਕੁਦਰਤ ਦੇ ਕਹਿਰ ਦੀ ਮਾਰ ਝੱਲਣੀ ਪਈ, ਜਿੱਥੇ ਥਰਾਲੀ ਕਸਬੇ ’ਚ ਮੀਂਹ ਦਾ ਨਾਲਾ ਭਰ ਜਾਣ ਕਾਰਨ ਇਕ ਨੌਜੁਆਨ ਔਰਤ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਲਾਪਤਾ ਹੈ।
ਇਹ ਘਟਨਾ ਤੜਕੇ ਕਰੀਬ 1 ਵਜੇ ਵਾਪਰੀ ਜਦੋਂ ਤੁਨਰੀ ਗਧੇਰਾ ਨਦੀ ਉਫ਼ਾਨ ਉਤੇ ਆ ਗਈ, ਜਿਸ ਨਾਲ ਤਹਿਸੀਲ ਕੰਪਲੈਕਸ, ਚੇਪਡਨ ਅਤੇ ਕੋਟਦੀਪ ਬਾਜ਼ਾਰ ਅਤੇ ਆਸ-ਪਾਸ ਦੇ ਇਲਾਕੇ ਪਾਣੀ ਵਿਚ ਡੁੱਬ ਗਏ। ਸਾਗਵਾੜਾ ਪਿੰਡ ’ਚ ਮਲਬੇ ਹੇਠ ਦੱਬੀ ਔਰਤ ਦੀ ਲਾਸ਼ ਮਿਲੀ ਹੈ, ਜਦਕਿ ਚੇਪਡਨ ਬਾਜ਼ਾਰ ’ਚ ਲਾਪਤਾ ਵਿਅਕਤੀ ਦੀ ਭਾਲ ਜਾਰੀ ਹੈ। ਕਈ ਗੱਡੀਆਂ ਅਤੇ ਐਸ.ਡੀ.ਐਮ. ਦੀ ਰਿਹਾਇਸ਼ ਨੂੰ ਵੀ ਨੁਕਸਾਨ ਪਹੁੰਚਿਆ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪ੍ਰਭਾਵਤ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਲਾਮਬੰਦ ਕੀਤਾ। ਕਰਣਪ੍ਰਯਾਗ-ਗਵਾਲਦਮ ਕੌਮੀ ਰਾਜਮਾਰਗ ਅਤੇ ਪ੍ਰਮੁੱਖ ਮੋਟਰਵੇਅ ਬੰਦ ਹਨ, ਜਿਸ ਕਾਰਨ ਤਿੰਨ ਵਿਕਾਸ ਬਲਾਕਾਂ ਵਿਚ ਸਕੂਲ ਬੰਦ ਕਰ ਦਿਤੇ ਗਏ ਹਨ। ਕੁਲਸਾਰੀ ਅਤੇ ਦੇਵਾਲ ਪਿੰਡਾਂ ਵਿਚ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ ਅਤੇ ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ. ਅਤੇ ਆਈ.ਟੀ.ਬੀ.ਪੀ. ਦੀਆਂ ਟੀਮਾਂ ਮੌਕੇ ਉਤੇ ਹਨ।
ਦੂਜੇ ਪਾਸੇ ਝਾਰਖੰਡ ’ਚ ਮੀਂਹ ਕਾਰਨ ਮਕਾਨ ਢਹਿਣ ਅਤੇ ਨਦੀ ਵਿਚ ਡੁੱਬਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਲਾਪਤਾ ਹੋ ਗਿਆ। ਜੰਮੂ-ਕਸ਼ਮੀਰ ਵਿਚ ਵੀ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਵਿਚ ਹਾਲਾਂਕਿ ਅੱਜ ਕੋਈ ਮੌਤ ਨਹੀਂ ਹੋਈ, ਪਰ 313 ਸੜਕਾਂ ਬੰਦ ਹੋਣ ਅਤੇ ਮਾਨਸੂਨ ਦੇ ਵਧਦੇ ਨੁਕਸਾਨ ਨਾਲ ਜੂਝ ਰਿਹਾ ਹੈ। ਰਾਜਸਥਾਨ ਨੂੰ ਭਿਆਨਕ ਹੜ੍ਹ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਰੇਲ ਅਤੇ ਸੜਕ ਸੰਪਰਕ ਪ੍ਰਭਾਵਤ ਹੋਇਆ ਅਤੇ ਬਚਾਅ ਕਾਰਜ ਜਾਰੀ ਹਨ।
ਕਈ ਸੂਬਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਹੈ ਅਤੇ ਅਧਿਕਾਰੀ ਉੱਚ ਚੌਕਸੀ ਉਤੇ ਹਨ। ਜੰਮੂ-ਕਸ਼ਮੀਰ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਅਨੰਤਨਾਗ, ਕੁਲਗਾਮ, ਡੋਡਾ, ਜੰਮੂ, ਕਠੂਆ, ਕਿਸ਼ਤਵਾੜ, ਪੁੰਛ, ਰਾਜੌਰੀ, ਰਾਮਬਨ, ਰਿਆਸੀ, ਸਾਂਬਾ ਅਤੇ ਊਧਮਪੁਰ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਚੇਤਾਵਨੀ ਜਾਰੀ ਕੀਤੀ ਹੈ। ਜਲ ਸਰੋਤਾਂ ਦੇ ਨੇੜੇ ਰਹਿਣ ਵਾਲੇ ਆਮ ਲੋਕਾਂ ਅਤੇ ਸਥਾਨਕ ਵਸਨੀਕਾਂ ਨੂੰ ਸਾਵਧਾਨ ਰਹਿਣ ਅਤੇ ਇਨ੍ਹਾਂ ਹੜ੍ਹ ਵਾਲੇ ਜਲ ਸਰੋਤਾਂ ਦੇ ਨੇੜੇ ਕੈਂਪ ਜਾਂ ਯਾਤਰਾ ਨਾ ਕਰਨ ਤੋਂ ਇਲਾਵਾ ਪਸ਼ੂਆਂ/ਵਾਹਨਾਂ ਨੂੰ ਇਨ੍ਹਾਂ ਜਲ ਸਰੋਤਾਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕੀਤਾ ਹੈ।
(For more news apart from 10 deaths across country rain, Uttarakhand's Chamoli under wrath nature News in Punjabi, stay tuned to Rozana Spokesman)