
ਸੀਰੀਆ ਅਤੇ ਇਰਾਕ ਦੇ ਵੱਡੇ ਖੇਤਰਾਂ ਤੇ ਆਈਐਸ ਦਾ ਕਿਸੇ ਸਮੇਂ ਕਾਫ਼ੀ ਜ਼ਿਆਦਾ ਪ੍ਰਭਾਵ ਸੀ।
ਨਵੀਂ ਦਿੱਲੀ: ਅਮਰੀਕਾ ਸਮਰਥਿਤ ਵਿਦਰੋਹੀ ਗੁੱਟਾਂ ਨੇ ਸੀਰੀਆ ਅਤੇ ਇਰਾਕ ਵਿਚੋਂ ਖ਼ਤਰਨਾਕ ਅਤਿਵਾਦੀ ਸੰਗਠਨ ਆਈਐਸਆਈਐਸ ਦਾ ਖ਼ਾਤਮਾ ਕਰ ਦਿਤਾ ਹੈ। ਪੂਰਬੀ ਸੀਰੀਆ ਦੇ ਬਾਗੁਜ ਪਿੰਡ ਵਿਚ ਇਸਲਾਮਕ ਸਟੇਟ ਦੇ ਕਬਜ਼ੇ ਵਾਲੇ ਆਖ਼ਰੀ ਇਲਾਕੇ ਨੂੰ ਮੁਕਤ ਕਰਵਾਉਣ ਦਾ ਦਾਅਵਾ ਕਰਨ ਦੇ ਨਾਲ ਹੀ ਉਥੇ ਜਿੱਤ ਦਾ ਐਲਾਨ ਕਰ ਦਿਤਾ ਗਿਆ ਹੈ ਅਤੇ ਫ਼ੌਜੀਆਂ ਨੇ ਨੱਚ ਕੇ ਖ਼ੁਸ਼ੀ ਮਨਾਈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸੀਰੀਆ ਅਤੇ ਇਰਾਕ ਦੇ ਆਈਐਸ ਤੋਂ ਮੁਕਤ ਹੋਣ ਦਾ ਐਲਾਨ ਕੀਤਾ।
ISIS
ਉਨ੍ਹਾਂ ਕਿਹਾ ਕਿ, "ਅਸੀਂ ਅਤਿਵਾਦੀ ਸਮੂਹ 'ਤੇ ਜਿੱਤ ਹਾਸਲ ਕਰ ਲਈ ਹੈ। ਆਈਐਸਆਈਐਸ ਦਾ ਹੁਣ ਸੀਰੀਆ ਜਾਂ ਇਰਾਕ ਦੇ ਕਿਸੇ ਵੀ ਖੇਤਰ 'ਤੇ ਕਬਜ਼ਾ ਨਹੀਂ ਹੈ।" ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵਲੋਂ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਆਈਐਸ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਲਈ ਪੰਜ ਸਾਲ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਇਸ ਮੁਹਿੰਮ ਵਿਚ ਇਕ ਲੱਖ ਤੋਂ ਜ਼ਿਆਦਾ ਬੰਬਾਂ ਦੀ ਵਰਤੋਂ ਕੀਤੀ ਗਈ ਜਿਨ੍ਹਾਂ ਵਿਚ ਕਈ ਅਤਿਵਾਦੀ ਅਤੇ ਆਮ ਨਾਗਰਿਕ ਵੀ ਮਾਰੇ ਗਏ।
ISIS
ਆਈਐਸ ਨੇ ਦੋਵੇਂ ਦੇਸ਼ਾਂ ਵਿਚ ਵੱਡੇ ਪੱਧਰ 'ਤੇ ਮਨੁੱਖੀ ਕਤਲੇਆਮ ਕੀਤਾ ਅਤੇ ਇਨ੍ਹਾਂ ਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ। ਸਾਲ 2014 ਵਿਚ ਇਰਾਕ ਦੇ ਸਿੰਜਾਰ ਖੇਤਰ ਵਿਚ ਦਹਿਸ਼ਤ ਫੈਲਾਉਣ ਆਈਐਸ ਨੇ ਯਜ਼ੀਦੀ ਧਾਰਮਿਕ ਘੱਟ ਗਿਣਤੀ ਸਮਾਜ ਦੀਆਂ ਹਜ਼ਾਰਾਂ ਔਰਤਾਂ ਅਤੇ ਲੜਕੀਆਂ ਨੂੰ ਬੰਦੀ ਬਣਾ ਕੇ ਉਨ੍ਹਾਂ ਦਾ ਯੌਨ ਸ਼ੋਸਣ ਕੀਤਾ ਸੀ ਜਿਨ੍ਹਾਂ ਵਿਚੋਂ ਕਈ ਲੜਕੀਆਂ ਅੱਜ ਤਕ ਲਾਪਤਾ ਹਨ।
ਦਸ ਦਈਏ ਕਿ ਸੀਰੀਆ ਅਤੇ ਇਰਾਕ ਦੇ ਵੱਡੇ ਖੇਤਰਾਂ ਤੇ ਆਈਐਸ ਦਾ ਕਿਸੇ ਸਮੇਂ ਕਾਫ਼ੀ ਜ਼ਿਆਦਾ ਪ੍ਰਭਾਵ ਸੀ। ਇਸ ਇਲਾਕੇ ਚ ਕਬਜ਼ਾ ਹੋਣ ਨਾਲ ਉਸ ਨੂੰ ਦੁਨੀਆ ਭਰ ਵਿਚ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਥਾਂ ਮਿਲ ਗਈ ਸੀ। ਪਰ ਹੁਣ ਇਨ੍ਹਾਂ ਦੋਵੇਂ ਦੇਸ਼ਾਂ ਵਿਚੋਂ ਆਈਐਸ ਅਤਿਵਾਦੀਆਂ ਦਾ ਖ਼ਾਤਮਾ ਕਰ ਦਿਤਾ ਗਿਆ ਏ...ਜਿਸ ਤੋਂ ਬਾਅਦ ਇੱਥੋਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।