
ਸਪਨਾ ਚੌਧਰੀ ਦਾ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਇਨਕਾਰ
ਹਰਿਆਣਾ : ਹਰਿਆਣਾ ਦੀ ਗਾਇਕਾ, ਡਾਂਸਰ ਅਤੇ ਬਿੱਗ ਬਾਸ ਸ਼ੋਅ ਦਾ ਹਿੱਸਾ ਰਹੀ ਸਪਨਾ ਚੌਧਰੀ ਨੇ ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਨਾਕਾਰ ਦਿਤਾ ਹੈ। ਸਪਨਾ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਪੁਰਾਣੀਆਂ ਹਨ ਤੇ ਨਾਲੇ ਕਿਹਾ ਕਿ ਉਨ੍ਹਾਂ ਦਾ ਸਿਰਫ਼ ਫੇਸਬੁੱਕ ਅਕਾਉਂਟ ਹੀ ਚੱਲਦਾ ਹੈ, ਇਸ ਤੋਂ ਇਲਾਵਾ ਉਨ੍ਹਾਂ ਦਾ ਕੋਈ ਵੀ ਅਧਿਕਾਰਤ ਸੋਸ਼ਲ ਮੀਡੀਆ ਖਾਤਾ ਨਹੀਂ ਹੈ।
ਸਪਨਾ ਨੇ ਕਿਹਾ ਕਿ ਉਹ ਪ੍ਰਿਯੰਕਾ ਗਾਂਧੀ ਨੂੰ ਪਹਿਲਾਂ ਵੀ ਮਿਲ ਚੁੱਕੀ ਹੈ ਤੇ ਮੇਰਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ ਤੇ ਨਾ ਹੀ ਮੈਂ ਕਿਸੇ ਲਈ ਪ੍ਰਚਾਰ ਕਰਾਂਗੀ।
ਜ਼ਿਕਰਯੋਗ ਹੈ ਕਿ ਸਪਨਾ ਚੌਧਰੀ ਦੇ ਨਾਂ ਤੋਂ ਬਣੇ ਹੋਏ ਕਈ ਸੋਸ਼ਲ ਮੀਡੀਆ ਖਾਤਿਆਂ 'ਤੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੀ ਤਸਵੀਰ ਸਾਂਝੀ ਕੀਤੀ ਗਈ ਸੀ। ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸਪਨਾ ਚੌਧਰੀ ਕਾਂਗਰਸ ਵਲੋਂ ਚੋਣ ਲੜਨ ਜਾ ਰਹੀ ਹੈ।
ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰਿਅੰਕਾ ਗਾਂਧੀ ਸਮੇਤ ਸਿਆਸਤਦਾਨਾਂ ਨਾਲ ਚੰਗੇ ਸਬੰਧ ਹਨ ਪਰ ਉਹ ਨਾ ਤਾਂ ਕਾਂਗਰਸ ਤੇ ਨਾ ਹੀ ਕੋਈ ਹੋਰ ਸਿਆਸੀ ਪਾਰਟੀ ਵਿਚ ਸ਼ਾਮਲ ਹੋਏ। ਹਰਿਆਣਵੀ ਕਲਾਕਾਰ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਕਿ ਉਹ ਰਾਜ ਬੱਬਰ ਨੂੰ ਮਿਲੇ ਹਨ।