ਮੁਲਜ਼ਮ ਦੀ ਪਛਾਣ ਪੰਜਾਬ ਦੇ ਕਪੂਰਥਲਾ ਦੇ ਰਹਿਣ ਵਾਲੇ ਅਮਨਦੀਪ ਕੁਮਾਰ ਵਜੋਂ ਹੋਈ
ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਕ ਔਰਤ ਦੀਆਂ ਇਤਰਾਜ਼ਯੋਗ ਤਸਵੀਰਾਂ ਅਤੇ ਮੋਬਾਈਲ ਫ਼ੋਨ ਨੰਬਰ ਅਪਲੋਡ ਕਰਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਪੰਜਾਬ ਦੇ ਕਪੂਰਥਲਾ ਦੇ ਰਹਿਣ ਵਾਲੇ ਅਮਨਦੀਪ ਕੁਮਾਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮੁਲਜ਼ਮ ਅਮਨਦੀਪ (30) ਬੇਰੁਜ਼ਗਾਰ ਹੈ ਅਤੇ ਉਸ ਨੂੰ ਇੰਟਰਨੈੱਟ ’ਤੇ ਅਸ਼ਲੀਲ ਸਮੱਗਰੀ ਅਤੇ ਅਸ਼ਲੀਲ ਵੀਡੀਓਜ਼ ਦੇਖਣ ਦੀ ਆਦਤ ਹੈ ਅਤੇ ਉਸ ਨੇ ਇਹ ਹਰਕਤ ‘ਮੌਜ-ਮਸਤੀ’ ਲਈ ਕੀਤੀ ਸੀ।
ਇਹ ਵੀ ਪੜ੍ਹੋ: ਈਡੀ ਨੇ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਸਹਿਯੋਗੀਆਂ ਦੇ ਘਰ ਕੀਤੀ ਛਾਪੇਮਾਰੀ
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਸ਼ਾਹਦਰਾ ਦੀ ਰਹਿਣ ਵਾਲੀ 24 ਸਾਲਾ ਪੀੜਤਾ ਨੇ ਇਸ ਸਬੰਧ ਵਿਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਕਿਸੇ ਨੇ ਉਸ ਦੇ ਨਾਂਅ 'ਤੇ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਬਣਾ ਕੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਅਤੇ ਮੋਬਾਈਲ ਨੰਬਰ ਅਪਲੋਡ ਕਰ ਦਿਤਾ ਹੈ। ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 354ਸੀ (ਲੁਕ ਕੇ ਦੇਖਣਾ), 354ਡੀ (ਪਿੱਛਾ ਕਰਨਾ), 469 (ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜਾਅਲਸਾਜ਼ੀ) ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 67 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਦੇਹਵਪਾਰ ਅਪਰਾਧ ਨਹੀਂ, ਮੁੰਬਈ ਸੈਸ਼ਨ ਕੋਰਟ ਨੇ ਔਰਤ ਨੂੰ ਰਿਹਾਅ ਕਰਨ ਦੇ ਦਿਤੇ ਹੁਕਮ
ਸ਼ਾਹਦਰਾ ਦੇ ਡਿਪਟੀ ਕਮਿਸ਼ਨਰ ਪੁਲਿਸ ਰੋਹਿਤ ਮੀਨਾ ਨੇ ਕਿਹਾ ਕਿ ਜਾਂਚ ਟੀਮ ਨੇ ਉਕਤ ਇੰਸਟਾਗ੍ਰਾਮ ਪ੍ਰੋਫਾਈਲਾਂ ਦੇ ਆਈਪੀ ਅਡਰੈਸ ਇਕੱਠੇ ਕੀਤੇ ਅਤੇ ਇੰਟਰਨੈਟ ਪ੍ਰੋਟੋਕੋਲ ਡਿਟੇਲ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ, ਜਿਸ ਦੌਰਾਨ ਉਕਤ ਆਈਡੀਪੀਆਰ ਮੁਲਜ਼ਮ ਦੇ ਦੇ ਮੋਬਾਈਲ ਨੰਬਰ 'ਤੇ ਰਜਿਸਟਰ ਪਾਇਆ ਗਿਆ।
ਇਹ ਵੀ ਪੜ੍ਹੋ: ਬੇਅਦਬੀ ਮਾਮਲੇ ਦਾ ਸਾਜ਼ਸ਼ਘਾੜਾ ਸੰਦੀਪ ਬਰੇਟਾ ਨਹੀਂ ਹੋਇਆ ਗ੍ਰਿਫ਼ਤਾਰ, ਡਿਟੇਨ ਕੀਤਾ ਵਿਅਕਤੀ ਨਿਕਲਿਆ ਕੋਈ ਹੋਰ
ਪੁਲਿਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ, “ਫ਼ੋਨ ਨੰਬਰ ਅਮਨਦੀਪ ਕੁਮਾਰ ਦੇ ਨਾਂਅ 'ਤੇ ਰਜਿਸਟਰਡ ਪਾਇਆ ਗਿਆ ਸੀ। ਤਕਨੀਕੀ ਨਿਗਰਾਨੀ ਅਤੇ ਖ਼ੁਫ਼ੀਆ ਜਾਣਕਾਰੀ ਦੀ ਮਦਦ ਨਾਲ ਦੋਸ਼ੀ ਨੂੰ ਪੰਜਾਬ ਦੇ ਕਪੂਰਥਲਾ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਗਿਆ”।