
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਵੇਲੇ ਬੰਦ ਕੀਤੇ ਗਏ ਸੀ ਸਰਹੱਦੀ ਗੇਟ
ਗੁਹਾਟੀ- ਆਸਾਮ ਵਿੱਚ ਭਾਰਤ-ਭੂਟਾਨ ਸਰਹੱਦੀ ਗੇਟ ਢਾਈ ਸਾਲਾਂ ਦੇ ਵਕਫ਼ੇ ਮਗਰੋਂ ਸੈਲਾਨੀਆਂ ਲਈ ਮੁੜ ਖੋਲ੍ਹ ਦਿੱਤੇ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੀ ਸ਼ੁਰੂਆਤ ਤੋਂ ਬੰਦ ਕੀਤੇ ਗਏ ਭਾਰਤ-ਭੂਟਾਨ ਸਰਹੱਦੀ ਗੇਟਾਂ ਨੂੰ ਸ਼ੁੱਕਰਵਾਰ 23 ਸਤੰਬਰ ਦੇ ਦਿਨ ਕੁਝ ਨਵੇਂ ਨਿਯਮਾਂ ਦੇ ਨਾਲ ਮੁੜ ਖੋਲ੍ਹ ਦਿੱਤਾ ਗਿਆ। ਗੁਹਾਟੀ ਵਿੱਚ ਭੂਟਾਨ ਦੇ ਕੌਂਸਲ ਜਨਰਲ ਜਿਗਮੇ ਥਿਨਲੇ ਨਾਮਗਿਆਲ ਨੇ ਤਾਮੂਲਪੁਰ ਜ਼ਿਲ੍ਹੇ ਵਿੱਚ ਸਮਦਰੂਪ-ਜੋਂਗਖਰ, ਚਿਰਾਂਗ ਵਿੱਚ ਦਾਦਾਗਿਰੀ ਤੇ ਗੇਲੇਫ਼ੂ, ਬਕਸਾ ਵਿੱਚ ਨਾਮਲਾਂਗ ਤੇ ਪਨਬਾਂਗ ਅਤੇ ਉਦਲਗੁੜੀ ਜ਼ਿਲ੍ਹੇ ਵਿੱਚ ਸਮਰੰਗ ਵਿਖੇ ਅੰਤਰਰਾਸ਼ਟਰੀ ਸਰਹੱਦੀ ਗੇਟਾਂ ਨੂੰ ਮੁੜ ਖੋਲ੍ਹਣ ਦਾ ਐਲਾਨ ਕੀਤਾ।
ਇਸ ਮੌਕੇ ਇੰਡੋ-ਭੂਟਾਨ ਫ਼ਰੈਂਡਸ਼ਿਪ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ। ਇਹ ਗੇਟ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ। ਦੋਵਾਂ ਦੇਸ਼ਾਂ ਦੀ ਸਰਹੱਦ ਨੂੰ ਸੈਲਾਨੀਆਂ ਲਈ ਮੁੜ ਖੋਲ੍ਹੇ ਜਾਣ ਦੇ ਇਸ ਮੌਕੇ 'ਤੇ ਬਹੁਤ ਸਾਰੇ ਸੈਲਾਨੀ ਤੇ ਕਾਰੋਬਾਰੀ ਮੌਜੂਦ ਸਨ। ਦੋਵਾਂ ਦੇਸ਼ਾਂ ਦੇ ਲੋਕਾਂ ਨੇ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ।
ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਜੇਕਰ ਸੈਲਾਨੀ ਭੂਟਾਨ 'ਚ ਰੁਕਦੇ ਹਨ ਤਾਂ ਭਾਰਤੀ ਯਾਤਰੀਆਂ ਲਈ ਫ਼ੀਸ 1200 ਰੁਪਏ ਪ੍ਰਤੀ ਦਿਨ ਹੋਵੇਗੀ, ਜਦਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਇਹ ਫ਼ੀਸ 200 ਅਮਰੀਕੀ ਡਾਲਰ ਰੱਖੀ ਗਈ ਹੈ। ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ ਚੈੱਕ ਪੋਸਟ 'ਤੇ ਵੋਟਰ ਆਈਡੀ, ਪਾਸਪੋਰਟ ਜਾਂ ਕੋਈ ਹੋਰ ਪਛਾਣ ਪੱਤਰ ਸਬੂਤ ਵਜੋਂ ਪੇਸ਼ ਕਰਨਾ ਹੋਵੇਗਾ, ਜਦਕਿ ਬੱਚਿਆਂ ਦਾ ਜਨਮ ਸਰਟੀਫ਼ਿਕੇਟ ਪੇਸ਼ ਕਰਨਾ ਹੋਵੇਗਾ।